ਵਿਸ਼ਵ-ਵੇਦਨਾ ਕੂਕ ਉਠੀ ਏ,
ਧਰਤੀ ਦੇ ਹਰ ਕਿਣਕੇ ਵਿਚੋਂ;
ਧੁਰ ਪਾਤਾਲੋਂ, ਧੁਰ ਆਕਾਸ਼ੋਂ
ਬਣ ਕੰਬਦੀ ਫਰਯਾਦ;
ਕੌਣ ਜੁ ਲੱਭੇ ਇਸਦੇ ਅੰਦਰੋਂ
ਅਨੰਤ ਰਸਿਕ ਫਿਰ ਸੁਆਦ ?
ਦਯਾ ਵਿਹੂਣ ਮਨੁੱਖ ਹੋ ਗਿਆ,
ਭੁਲਿਆ ਸਾਂਝ-ਪਿਆਰ;
ਮਚ ਗਈ ਹਾ ਹਾ ਕਾਰ ਚੁਫੇਰੇ,
ਬ੍ਰਹਿਮੰਡਾਂ ਦੇ ਸੀਨਿਆਂ ਵਿਚੋਂ
ਉਠਿਆ ਦਰਦ ਪੁਕਾਰ ।
ਵਿਸ਼ਵ-ਸਾਜ਼ ਦੀ ਉਹ ਮਾਧੁਰਤਾ,
ਜਿਸ ਦਾ ਇਕ ਇਕ ਗੀਤ,
ਭਰਦਾ ਹੈਸੀ ਸੁੰਨ ਮੰਡਲੀਂ
ਸੁਧਾ ਮਈ ਸੰਗੀਤ;
ਹਾਇ ਓਸ 'ਚੋਂ ਅੱਜ ਨਿਕਲ ਰਹੇ,
ਕਲਵਲ ਖਾਂਦੇ ਤੇ ਤੜਫੜਾਂਦੇ
ਪੀੜਤ ਸੋਗੀ ਵੈਣ !
ਸਿਸਕੀਆਂ, ਹਉਕੇ, ਪੀੜਾਂ ਚਸਕਾਂ,
ਅਥਰੂ, ਆਹੀਂ, ਟੀਸਾਂ, ਕਸਕਾਂ,
ਟੁਟਦੇ ਤਾਰਿਆਂ ਵਾਂਗ ਕੰਬ ਕੇ,
ਦਰਦ ਨਾਲ ਅਤਿ ਬਿਹਬਲ ਹੋ ਹੋ,
ਦਿਲੀ ਵੇਦਨਾ ਕਹਿਣ ।
ਧਰਤੀ ਤੇ ਕੁਹਰਾਮ ਮੱਚਿਆ,
ਆਕਾਸ਼ਾਂ ਵਿਚ ਭਿੜਨ ਸਤਾਰੇ;
ਸਾਗਰਾਂ ਅੰਦਰੋਂ ਨਿਕਲਣ ਲਾਟਾਂ,
ਪਾਤਾਲਾਂ ਵਿਚ ਮੌਤ ਬੁੱਕਾਰੇ;
ਕੌਣ ਸੁਣੇ ਹੁਣ ਗੀਤ ਕਵੀ ਦੇ ?
ਕੌਣ ਉਸ ਨੂੰ ਦੇ ਦਾਦ ?
ਵਿਸ਼ਵ-ਸੁਆਦ ਜਦ ਪੀੜਾ ਬਣ ਕੇ
ਕਰੇ ਪਿਆ ਫ਼ਰਯਾਦ !
ਪੂਰਬ ਦੀ ਪਹੁ ਫਟਦੀ ਅੰਦਰੋਂ
ਨਿਰਦੋਸ਼ਾਂ ਦਾ ਖ਼ੂਨ,
ਦੱਸ ਰਿਹਾ ਸੰਕੇਤ ਨਾਲ ਏ
ਇਹ ਹੈ ਓਹ ਜਨੂਨ:
ਜਿਨ੍ਹੇਂ ਮਨੁੱਖਤਾ ਨੂੰ ਫੜ ਕੋਹਿਆ
ਬਣ ਕੇ ਮਹਾਂ ਮਲਊਨ ।
ਅਸਤਾਚਲ ਦੀ ਸੋਗੀ ਲਾਲੀ,
ਸੈਨਤ ਨਾਲ ਸੁਝਾਵੇ ਮੈਨੂੰ
ਸਾਂਝੀਵਾਲੀ ਤੋਂ ਬਿਨ ਹੁੰਦੀ,
ਈਕਣ ਹੀ ਬਦ-ਹਾਲੀ ।
ਏਸ ਵਿਸ਼ਵ-ਵੇਦਨਾ ਵਿਚੋਂ
ਇਕ ਜੀਉਂਦਾ ਅਹਿਸਾਸ,
ਹੁੰਦਾ ਪਿਆ ਹੈ ਸਾਫ਼ ਕਵੀ ਨੂੰ
ਮਹਾਂ ਹਨੇਰਾਂ ਦੀ ਗੋਦੀ ਵਿਚ
ਪਲੇ ਪਿਆ ਪ੍ਰਕਾਸ਼ ।