ਝਾਕੋਂ ਬੇ-ਝਾਕ ਹੋ ਗਈ ਹੈ ਲੋੜ
ਜੁੱਤੀ ਜੋੜੇ ਦੀ
ਲੀੜੇ ਲੱਤੇ ਦੀ
ਜ਼ਬਾਨੋ-ਬੇਜ਼ੁਬਾਨ ਹੋ ਗਈ ਹੈ ਆਸ
ਆਸ ਕਿ ਪੜ੍ਹ ਲਿਖ ਕੇ ਰੁਤਬੇ ਪਾਵਾਂਗੇ
ਭਲਾਂ ਕਿਸ ਨੇ ਸੋਚਿਆ ਸੀ
ਕਿ ਖੁੰਢਾਂ ਤੇ ਬੈਠੇ ਬੁੜਿਆਂ ਦੀ
ਚਰਚਾ ਦਾ ਵਿਸ਼ਾ ਹੋ ਜਾਵਾਂਗੇ
ਸੱਜਰ ਸੂਈ ਨੂੰ ਜਦ
ਚੋਣ ਬਹਿੰਦੀ ਹੈ ਮਾਂ
ਧਾਹਾਂ ਮਾਰ ਰੋਂਦੀਆਂ ਨੇ ਦੁੱਧ ਦੀਆਂ ਧਾਰਾਂ
ਸਹੁਰੇ ਤੁਰਦੀਆਂ ਧੀਆਂ ਦੇ ਵਾਂਗ
ਰੋਣ ਨੂੰ ਪਰ ਕੌਣ ਪੁੱਛਦਾ ਹੈ
ਬੜਾ ਮਜਬੂਰ ਹੈ ਬਾਪੂ
ਨੱਕੋ ਨੱਕ ਬਾਲਟੀ ਭਰ ਕੇ ਜੋ
ਡੇਰ੍ਹੀ ਵੱਲ ਤੁਰਦਾ ਹੈ
ਕੱਲ੍ਹ ਜਦ ਖੇਤਾਂ 'ਚ
ਦਮਾਂ ਦਮ ਹਲਟ ਚਲਦੇ ਸਨ
ਰਾਹੂ-ਕੇਤੂ ਤਾਂ ਭਾਵੇਂ
ਉਦੋਂ ਵੀ ਮੰਡਲਾਂਦੇ ਸਨ
ਪਰ ਕੁੱਝ ਨਾ ਕੁੱਝ
ਛੱਡ ਕੇ ਮੁੜ ਜਾਂਦੇ ਸਨ
ਜਦੋਂ ਤੋਂ ਧਰਿਆ ਹੈ ਖੂਹੇ ਤੇ ਇੰਜਨ
ਐਸੀ ਸਾੜ੍ਹ-ਸਤੀ ਚਿੰਬੜੀ ਹੈ ਯਾਰੋ
ਕਿ ਕਿਧਰੇ ਰੁੜ੍ਹ ਗਈਆਂ ਨੇ ਬਰਕਤਾਂ
ਹੁਣ ਨਹੀਂ ਦੀਂਹਦਾ
ਨਰਮਿਆਂ ਦੇ ਮੂੰਹਾਂ ਤੇ ਹਾਸਾ
ਪਤਾ ਨਹੀਂ ਕਿਉਂ
ਹੁਣ ਨਹੀਂ ਸੋਂਹਦੇ
ਬੋਲੀਆਂ ਦੇ ਤਿੱਖੇ ਨਕਸ਼
ਸਰਮ੍ਹੇ! ਓ ਸਰਮ੍ਹੇ!
ਐਵੇਂ ਨਾ ਦੇਈ ਜਾ ਬਹਾਰਾਂ ਦਾ ਹੋਕਾ
ਵੇਖ ਤਾਂ ਸਹੀ ਜਰਾ
ਤੇਰੀ ਇਸ ਪੀਲੀ ਚੁੰਨੀ ਤੇ
ਕਿਵੇਂ ਬਦਨੀਤ ਹੋਈ ਹੈ
ਤੇਲੇ ਦੀ ਗਿੱਡ ਲਿਬੜੀ ਅੱਖ
ਲੰਬੜਾਂ ਦੇ ਪੁੱਤ ਵਾਂਗੂੰ
ਲਾਚੜਿਆ ਕਾਨੂੰਨ ਜਦ
ਧੀਆਂ ਵਾਂਗੂੰ ਪਾਲੀ ਹੋਈ ਕਣਕ ਨੂੰ
ਅੰਦਰੋਂ ਚੁੱਕਣ ਦੀਆਂ
ਮਾਰਦਾ ਹੈ ਟਾਹਰਾਂ
ਤਾਂ ਦਿਲ ਕਰਦਾ ਹੈ
ਬੁੱਢੇ ਬਾਪੂ ਨੂੰ ਪੁੱਛਾਂ
ਆਹ ਪਾਲੇ ਪਲੋਸੇ ਪੁੱਤਾਂ ਨੂੰ ਡੱਕ ਕੇ
ਦੱਸ ਕੀ ਅਚਾਰ ਪਾਉਣਾ ਹੈ?