ਯੋਗੀ ਮਿਲਣ ਦਾ ਵਾਅਦਾ ਕਰਕੇ ।
ਫੇਰ ਨਾ ਫੇਰੀ ਪਾਉਂਦੇ ਨੇ ।
ਪਾ ਨੈਣੀਂ ਕੱਜਲਾ, ਕੰਨੀ ਮੁੰਦਰਾਂ ।
ਪਿਆਰੇ ਖੋਜਣ ਆਉਂਦੇ ਨੇ ।
ਪਤਾ ਹੁੰਦਾ ਯਾਰ ਅੰਦਰ ਬੈਠਾ ।
ਤਾਂ ਵੀ ਵੰਝਲੀ ਵਜਾਉਂਦੇ ਨੇ ।
ਜਿਹੜੇ ਰਾਹੀਂ ਲੰਘ ਜਾਂਦੇ ।
ਨਜ਼ਰ ਸਵੱਲੀ ਪਾਉਂਦੇ ਨੇ ।
ਜਿਹੜੇ ਨੈਣਾਂ ਨੈਣ ਮਿਲਾਉਂਦੇ ।
ਰੋਗ ਹਿਜਰ ਦੇ ਲਾਉਂਦੇ ਨੇ ।
ਕੰਬਲੀ ਵਾਲੇ ਸੋਹਣੇ ਸੱਜਣ ।
ਕਦੇ ਨਜ਼ਰ ਨਾ ਆਉਂਦੇ ਨੇ ।
ਘੰਟਿਆਂ ਬੱਧੀ ਕਰਵਾ ਉਡੀਕਾਂ ।
ਯਾਰ ਮਸੀਤ ਬਣਾਉਂਦੇ ਨੇ ।
ਈਦ ਤੇ ਦੀਦ ਨਾ ਯੋਗੀ ਕਰਦੇ ।
ਧੂਣੀ ਤਪਣਾ ਚਾਹੁੰਦੇ ਨੇ ।
ਰੁੱਤਾਂ, ਥਿੱਤਾਂ, ਘੜੀਆਂ, ਵਾਰਾਂ ।
ਉਂਗਲੀ ਯਾਰ ਨਚਾਂਉਂਦੇ ਨੇ ।
ਮਾਹ, ਸਾਲ ਤੇ ਲੱਖਾਂ ਸਦੀਆਂ ।
ਯੋਗੀ ਨਾਚ ਨਚਾਉਂਦੇ ਨੇ ।
ਕਿਹਾ ਜ਼ਮਾਨੇ ਅੰਦਰ ਵੜ ਜਾ ।
ਤੇਰੇ ਵੱਲ ਨੂੰ ਆਉਂਦੇ ਨੇ ।
ਯੋਗੀ ਲਾ ਕੇ ਰੋਗ ਅਵੱਲੇ ।
ਕਦੇ ਨਾ ਗੇੜਾ ਲਾਉਂਦੇ ਨੇ ।
ਮੈਂ ਨਾ ਮੰਨੀ ਗੱਲ ਕਿਸੇ ਦੀ ।
ਕਿ ਐਵੇਂ ਲੋਕ ਭਰਮਾਉਂਦੇ ਨੇ
ਰੋਗ ਹਿਜਰ ਦਾ ਲੱਗ ਗਿਆ ।
ਬੋਲ ਯਾਦ ਤਦ ਆਉਂਦੇ ਨੇ ।
ਰੂਹ 'ਸਰਬ' ਦੀ ਯੋਗੀ ਜੋਗੀ ।
ਸੜ ਕੇ ਵੀ ਯੋਗੀ ਦੀ ਹੋਗੀ ।
ਭਸਮ ਨਾ ਉਸਦੀ ਰੋੜਿ੍ਹਓ ।
ਯੋਗੀ ਤਨ ਹੰਡਾਉਂਦੇ ਨੇ ।
ਉਸਦੇ ਯੋਗੀ ਫੇਰੀ ਪਾਉਣੀ ।
ਐਵੇਂ ਲੋਕ ਡਰਾਂਉਂਦੇ ਨੇ ।