ਵਫ਼ਾ ਦੀ ਕਿਸ਼ਤੀ ਹੱਥ ਚੱਪੂ

ਵਫ਼ਾ ਦੀ ਕਿਸ਼ਤੀ ਹੱਥ ਚੱਪੂ ਇਤਬਾਰ ਹੁੰਦਾ...

ਵਿਰਲਾ ਹੀ ਕੋਈ ਇਸ਼ਕ ਦੀ ਰਾਵੀ ਪਾਰ ਹੁੰਦਾ...

ਨਗ਼ਦੋਂ ਨਗ਼ਦੀ ਸਿਰ ਦੀ ਬਾਜ਼ੀ ਲੱਗਦੀ ਏ...

ਇਸ਼ਕ ਦੀ ਬਾਜ਼ੀ ਵਿੱਚ ਨਹੀਂ ਕਦੇ ਉਧਾਰ ਹੁੰਦਾ...

ਜਿਹੜੇ ਇਸ਼ਕ ਵਪਾਰ ਦੇ ਆਦੀ ਹੋ ਜਾਂਦੇ...

ਉਹਨਾਂ ਤੋਂ ਨਹੀਂ ਹੋਰ ਕੋਈ ਕੰਮ-ਕਾਰ ਹੁੰਦਾ...

ਖ਼ੌਰੇ ਸਾਡੇ ਐਬ ਹੀ ਸੱਜਣਾਂ ਭਾਰੇ ਨੇ...

ਐਵੈਂ ਨਹੀਂ ਕੋਈ ਏਦਾਂ ਦਿਲ 'ਚੋ ਬਾਹਰ ਹੁੰਦਾ...

ਤੁਪਕਾ ਤੁਪਕਾ ਵਫ਼ਾ ਦਾ ਪਾਣੀ ਮੰਗਦਾ ਏ...

ਫਿਰ ਜਾ ਕੇ ਇਹ ਬੂਟਾ ਇਸ਼ਕ ਤਿਆਰ ਹੁੰਦਾ...

ਲੱਖ ਗ਼ਲਤੀਆਂ ਕਰ ਲੈਣ ਤਾਂ ਵੀ ਭੁੱਲ ਜਾਈਏ...

ਏਦਾਂ ਦਾ ਸੋਹਣੇ ਸੱਜਣਾਂ ਦਾ ਸਤਿਕਾਰ ਹੁੰਦਾ...

ਇੱਕ ਵਾਰੀ ਜੇ ਢਹਿ ਜਾਏ ਛੱਪਰ ਇਸ਼ਕੇ ਦਾ...

ਸੱਚਿਆਂ ਦਾ ਨਹੀਂ ਮੁੜਕੇ ਫੇਰ ਉਸਾਰ ਹੁੰਦਾ...

'ਸਾਰੰਗ' ਦਾ ਦਿਲ ਸੱਜਣਾਂ ਸ਼ੀਸ਼ੇ ਵਰਗਾ ਸੀ...

ਪਰ ਟੁੱਟਕੇ ਤਾਂ ਇੱਕ ਸ਼ੀਸ਼ਾ ਵੀ ਹਥਿਆਰ ਹੁੰਦਾ!!

📝 ਸੋਧ ਲਈ ਭੇਜੋ