ਛੱਡ ਪਰੇ ਇਹ ਥੋਥੀਆਂ ਗੱਲਾਂ ! ਆ ਮੇਰੀ ਹਿੱਕ ਤੇ ਸਿਰ ਧਰ ਕੇ
ਪੈ ਜਾ ਚੁੱਪ ਚਾਪ ਦੋ ਘੜੀਆਂ। ਅੱਜ ਦੀ ਰਾਤ ਮਿਲੀ ਹੈ ਮਰ ਕੇ ।
ਵੇਖ ਕਿਵੇਂ ਹੈ ਚੰਨ-ਚਾਨਣੀ ਅੱਜ ਕਿਸੇ ਨੇ ਦੁਧ 'ਚ ਧੋਤੀ,
ਰਾਤ ਦੇ ਸ਼ਰਮਾਕਲ ਮੁੱਖ ਉੱਤੇ ਡਲ੍ਹਕ ਪਏ ਮੁੜ੍ਹਕੇ ਦੇ ਮੋਤੀ।
ਵੇਖ ਕਿਵੇਂ ਅਜ ਗਗਨ ਹੈ ਸੁੱਤਾ ਰਜਵਾਂ ਰੂਪ-ਕਲਾਵਾ ਭਰ ਕੇ।
ਨਾ ਬੰਨ੍ਹ ਉਮਰ ਦੇ ਲੰਮੇ ਦਾਈਏ, ਇਹ ਦਿਲ ਕਹਿਣੇਕਾਰ ਨਾ ਰਹਿੰਦਾ
ਬੰਧਨ ਤੋੜ ਕੇ ਆ ਜਾਈਦਾ ਪਿੱਛੋਂ ਕੋਈ ਬੰਨ੍ਹਿਆ ਬਹਿੰਦਾ !
ਵੇਖ ਕਿਵੇਂ ਔਹ ਟੁੱਟਾ ਤਾਰਾ, ਖ਼ਬਰ ਨਹੀਂ ਜਾ ਕਿੱਥੇ ਮੋਇਆ,
ਖ਼ਬਰ ਨਹੀਂ ਕੀ ਜੀ ਵਿਚ ਆਈ, ਖ਼ਬਰ ਨਹੀਂ ਕਿਸ ਤਾਰ ਪਰੋਇਆ।
’ਕੱਠੇ ਜੀਣਾ, ਮਰਨਾ 'ਕੱਠੇ ਹਰ ਕੋਈ ਪਹਿਲਾਂ ਏਹੋ ਕਹਿੰਦਾ।
ਸਾਰ ਨਾ ਤੈਨੂੰ ਜੋ ਤੂੰ ਛੇੜੇ ਜ਼ਖ਼ਮ ਅਜੇ ਨੇ ਕਿੰਨੇ ਅੱਲੇ।
ਤੂੰ ਨਾ ਜਾਣੇ ਇਸ ਜ਼ਿੰਦੜੀ ਨੇ ਅੱਗੇ ਕਿੰਨੇ ਝੱਖੜ ਝੱਲੇ
ਮੰਨ ਲੈਂਦਾ ਮੈਂ ਜੋ ਤੂੰ ਕਹਿੰਦੀ, ਹੁੰਦਾ ਨਾ ਦਿਲ ਜੇਕਰ ਥੱਕਿਆ
ਕੁਝ ਆਯੂ ਦੀਆਂ ਵਾਟਾਂ ਕਰਕੇ, ਹੁੰਦਾ ਨਾ ਜੇਕਰ ਮੈਂ ਤੱਕਿਆ
ਭਰ ਭਰ ਕੇ ਵਿਛੜਦਾ ਮੇਲਾ, ਜਿਸਦੀ ਯਾਦ ਅਜੇ ਹੈ ਪੱਲੇ।
ਤੇਰੇ ਵਾਂਗ ਹੀ ਇਕ ਮਿਠ-ਬੋਲੀ ਜੀਵਨ-ਕੌੜ ਭੁਲਾ ਦਿੰਦੀ ਸੀ,
ਰਾਤ ਦਾ ਘੁੱਪ ਹਨੇਰ ਚੀਰ ਕੇ ਨੂਰ ਦੀ ਝਲ-ਮਿਲ ਲਾ ਦਿੰਦੀ ਸੀ।
ਉਸਦਾ ਨੈਣ ਝਮਕਣਾ ਕੀ ਸੀ, ਇਕ ਦੁਨੀਆਂ ਢਹਿੰਦੀ ਇਕ ਬਣਦੀ,
ਜੀਣਾ ਮਰਨਾ ਭੁਲ ਜਾਂਦਾ ਸੀ ਜਦ ਸੀ ਪ੍ਰੀਤ ਦੀ ਚਾਦਰ ਤਣਦੀ,
ਲੈ ਜਾਂਦੀ ਸੀ ਰੂਪ ਦੀ ਨਗਰੀ ਸੁਰਗ ਦੀ ਝਾਤ ਪੁਆ ਦਿੰਦੀ ਸੀ।
ਜਾਂਦੀ ਕੁੰਜੀਆਂ ਨਾਲੇ ਲੈ ਗਈ ਸਾਂਝੇ ਘਰ ਨੂੰ ਮਾਰ ਕੇ ਤਾਲਾ,
ਤੂੰ ਕੀ ਜਾਣੇ ਕਿੱਕਣ ਝੱਲਿਆ, ਝੱਖੜ ਝਾਂਜਾ, ਕੱਕਰ ਪਾਲਾ !
ਸਾਰੀ ਉਮਰ ਦਾ ਪਿਆ ਬਖੇੜਾ, ਸਾਂਝ ਬਣੀ ਸੀ ਚਾਰ ਦਮਾਂ ਦੀ,
ਜਾਂਦੀ ਗੱਡੀ ਉਹਲੇ ਖੜੇ ਨੂੰ ਬੰਨ੍ਹ ਕੇ ਦੇ ਗਈ ਪੰਡ ਗ਼ਮਾਂ ਦੀ ।
'ਕੱਠੇ ਜੀਣਾ ਮਰਨਾ 'ਕੱਠੇ ਕਰਨਾ ਔਖਾ ਕਹਿਣ ਸੁਖਾਲਾ।
ਤੇ ਫਿਰ ਉਹ ਵੀ ਘੱਟ ਨਹੀਂ ਸੀ, ਕਹਿੰਦੀ ਸੀ ਮੇਰੀ ਬਾਂਹ ਫੜ ਕੇ,
‘ਆਪਾਂ ਉੱਡ ਜਾਣਾ ਅਸਮਾਨੀਂ ਪ੍ਰੀਤ ਦੇ ਉੱਡਣ-ਖਟੋਲੇ ਚੜ੍ਹ ਕੇ,
ਇਹ ਉਂਗਲਾਂ ਦੀਆਂ ਮੁੰਦਰੀਆਂ ਨਹੀਂ ਇਹ ਹਨ ਅਸਲ ਦਿਲਾਂ ਦੇ ਵੱਟੇ।'
ਚਾਰ ਕੁ ਹੰਝੂ ਕੇਰ ਕੇ ਆਖ਼ਰ ਜਾਂਦੀ ਹੋਈ ਰੁਲਾ ਗਈ ਘੱਟੇ,
ਇਕ ਇਕ ਬੋਲ ਯਾਦ ਹੈ ਮੈਨੂੰ, ਇਕ ਇਕ ਗੱਲ ਕਾਲਜੇ ਰੜਕੇ।
ਅਜ ਤੂੰ ਇਸ ਗਲਵਕੱੜੀ ਵਿਚ ਏਂ, ਅਜ ਦੀ ਰਾਤ ਹੈ ਚੜ੍ਹੀ ਜਵਾਨੀ,
ਹੈ ਅਜ ਹੈ ਪਿਆਰ ਦੀ ਬੁੱਕਲ ਨਿੱਘੀ, ਅਜ ਦੀ ਰਾਤ ਮੈਂ ਰਬ ਦਾ ਸਾਨੀ,
ਨਾ ਕਰ ਏਨੀਆਂ ਉੱਚੀਆਂ ਗੱਲਾਂ ਆਪਾਂ ਜੀਵ ਹਾਂ ਨਿੱਘਰੇ ਜਗ ਦੇ
ਨਾ ਬੰਨ੍ਹ ਉਮਰ ਦੇ ਲੰਮ ਦਾਈਏ, ਹੁਣ ਇਹ ਹੰਢਣਸਾਰ ਨਾ ਲਗਦੇ !
ਅਜ ਦੀ ਰਾਤ ਬੜੀ ਸੁੰਦਰ ਹੈ, ਪਰ ਇਹ ਰਾਤ ਨਹੀਂ ਲਾਫ਼ਾਨੀ।