ਵਫ਼ਾਦਾਰੀ ਤੇ ਗ਼ਦਾਰੀ

ਵਫ਼ਾਦਾਰੀ

ਕੁਝ ਨਹੀਂ ਹੁੰਦੀ

ਇਹ ਸਿਰਫ਼  ਉਹਨਾਂ ਦੇ ਹੱਕ ਵਿੱਚ

ਵਰਤੇ ਜਾਣ ਵਾਲ਼ਾ ਹਥਿਆਰ ਹੁੰਦਾ ਹੈ

ਜਿਹਨਾਂ ਦਾ ਸੱਤੀਂ-ਵੀਹੀਂ ਸੌ ਹੁੰਦਾ ਹੈ

ਲੋਕਾਂ ਨਾਲ਼  ਹਮੇਸ਼ਾ ਗੱਦਾਰੀ ਕਰਨ ਵਾਲੇ ਲੋਕ

ਲੋਕਾਂ ਤੋਂ ਹਮੇਸ਼ਾ ਵਫ਼ਾਦਾਰੀ ਭਾਲ਼ਦੇ ਹਨ

ਜ਼ਿਮੀਂਦਾਰ ਸੀਰੀ ਤੋਂ ਵਫ਼ਾ ਭਾਲ਼ਦਾ ਹੈ

ਉਸਨੂੰ ਵਫ਼ਾ ਦੇਣ ਦੀ ਗੱਲ ਨਹੀਂ ਕਰਦਾ

ਕਾਰਖ਼ਾਨੇਦਾਰ ਮਜ਼ਦੂਰ ਤੋਂ ਹੀ

ਵਫ਼ਾਦਾਰੀ ਦੀ ਤਵੱਕੋ ਕਰਦਾ ਹੈ

ਉਸ ਲਈ ਵਫ਼ਾਦਾਰ ਹੋਣ ਦੀ ਕਦੇ ਵੀ ਨਹੀਂ 

ਅਹਿਲਕਾਰ ਮਤਾਹਤ ਤੋਂ ਹੀ

ਵਫ਼ਾਦਾਰੀ ਦੀ ਆਸ ਕਰਦਾ ਹੈ

ਪਰ ਆਪ ਉਹ ਉਹਨਾਂ ਦੇ ਹਿੱਤਾਂ ਪ੍ਰਤੀ

ਗ਼ੈਰ ਵਫ਼ਾਦਾਰ ਹੁੰਦਾ ਹੈ

ਖ਼ਾਵੰਦ ਪਤਨੀ ਤੋਂ ਤਾਂ ਵਫ਼ਾ ਚਾਹੁੰਦਾ ਹੈ

ਖ਼ੁਦ ਭਾਵੇਂ ਰੋਜ਼ ਬੇਵਫ਼ਾਈ ਦੀਆਂ ਕੰਧਾਂ ਟੱਪਦਾ ਰਹੇ

ਵਫ਼ਾਦਾਰੀ ਵਨ ਵੇ ਟ੍ਰੈਫਿਕ ਵਾਂਗ ਸਿਰਫ਼ 

ਇੱਕ ਪਾਸੇ ਨੂੰ ਹੀ ਚਲਦੀ ਹੈ

ਜਾਂ ਇਹ ਉਸ ਦਰਿਆ ਦੇ ਪਾਣੀ ਵਾਂਗ ਹੈ

ਜੋ ਸਿਰਫ਼  ਨੀਵੇਂ ਰਕਬਿਆਂ 'ਤੇ ਮਾਰ ਕਰਦਾ ਹੈ

ਵਫਾਦਾਰੀ

ਅਧੀਨਗੀ ਨੂੰ ਪੱਕੇ-ਪੈਰੀਂ

ਕਰੀ ਰੱਖਣ ਵਾਲ਼ਾ 

ਸਥਾਪਤੀ ਦੀ ਡਿਕਸ਼ਨਰੀ ਵਿੱਚ

ਦਰਜ਼ ਕੀਤਾ ਸ਼ਬਦ ਹੈ

ਸ਼ਬਦ ਹੀ ਨਹੀਂ ਬਲਕਿ 

ਗੁਲਾਮਾਂ ਲਈ ਬਣਾਇਆ ਸੰਕਲਪ ਹੈ 

ਜਿਸ ਵਿੱਚ ਸੱਤਾ ਦੀ

ਇੱਕ ਪੂਰੀ ਦੀ ਪੂਰੀ

ਵਿਚਾਰਧਾਰਾ ਛੁਪੀ ਹੋਈ ਹੈ

📝 ਸੋਧ ਲਈ ਭੇਜੋ