ਚੱਲ ਚਲੀਏ ਹੁਣ

ਛੋਹ ਲਈਏ ਵਗਦੇ ਪਾਣੀ ਨੂੰ 

ਬਹੁਤ ਦੇਰ ਸੁਸਤੀ ਵਿਚ ਬੈਠੇ 

ਖੜ੍ਹੇ ਪਾਣੀਆਂ ਕੋਲ

ਸ਼ਾਂਤ ਖੜ੍ਹੇ ਪਾਣੀ ਦਾ 

ਆਪਣਾ ਜਾਦੂ ਹੁੰਦਾ 

ਕੀਲ ਕੇ ਬੰਨ੍ਹ ਬਹਾਉਂਦਾ 

ਸੂਖਮ ਦਰਪਣ ਬਣਦਾ 

ਚੌਗਿਰਦੇ ਦੇ ਕਿੰਨੇ ਸਾਰੇ 

ਅਕਸ ਵਿਖਾਉਂਦਾ 

ਕੂਲੀਆਂ ਛੋਹਾਂ ਦਿੰਦਾ

ਅੱਧ-ਚੇਤਨ ਵਿਚ ਸੁੱਤੀਆਂ 

ਯਾਦਾਂ ਛੇੜ ਜਗਾਉਂਦਾ 

ਫਿਰ ਵੀ ਸੀਮਤ ਜਿਹੇ 

ਪੜਾਅ ਤੋਂ ਵੱਧ ਨਾ ਹੁੰਦਾ

ਕਿਧਰੇ ਦੂਰ ਦੁਰਾਡੇ 

ਵਗਦਾ ਨਿਰਮਲ ਪਾਣੀ 

ਵਾਰ ਵਾਰ ਖਿੱਚ ਪਾਉਂਦਾ 

ਆਪਣੇ ਕੋਲ ਬੁਲਾਉਂਦਾ 

ਬਣੇ ਸੁਨੇਹਾ ਨਵੇਂ ਸਫ਼ਰ ਦਾ 

ਭੇਤ ਭਰੇ ਅਣਦੇਖੇ ਰਾਹਾਂ ਉੱਤੇ 

ਪੈੜਾਂ ਪਾਉਣ ਲਈ ਉਕਸਾਉਂਦਾ 

ਚੱਲ ਚਲੀਏ ਹੁਣ 

ਛੋਹ ਲਈਏ ਵਗਦੇ ਪਾਣੀ ਨੂੰ

📝 ਸੋਧ ਲਈ ਭੇਜੋ