ਖੋਤਾ ਘੋੜਾ ਇੱਕੋ ਰੱਸੇ, ਬੱਲੇ ਵਣਜ ਵਪਾਰੀ ਦੇ।
ਰੁਲ਼ਦੀ ਜਾਂਦੀ ਲੀਹੋਂ ਲੱਥ ਕੇ, ਚੱਕਰ ਸਰਕਾਰੀ ਦੇ
ਅਫ਼ਸਰ ਏਦਾਂ ਛਾਪੇ ਮਾਰਨ, ਜਿਉਂ ਚੋਰ ਨੇ ਤਾੜੀਦੇ
ਵਾਹ ਵਾਹ ਰੰਗ ਨਿਆਰੇ ਲੋਕੋ ਵਿੱਦਿਆ ਵਿਚਾਰੀ ਦੇ
ਫੇਲ੍ਹ ਪਾਸ ਦਾ ਮੁੱਕਿਆ ਰੌਲ਼ਾ, ਸਾਰੇ ਪਾਰ ਉਤਾਰੀਦੇ
ਖੇਡ ਬਣ ਗਿਆ ਪੜ੍ਹਨ-ਪੜ੍ਹਾੳਣਾ, ਐਵੇਂ ਮੱਥੇ ਮਾਰੀਦੇ
ਲੀਡਰ ਏਦਾਂ ਬੰਦੇ ਚਾਰਨ, ਜਿੱਦਾਂ ਡੰਗਰ ਚਾਰੀਦੇ
ਵਾਹ ਵਾਹ ਰੰਗ ਨਿਆਰੇ ਲੋਕੋ ਸਿੱਖਿਆ ਵਿਚਾਰੀ ਦੇ
ਤਾੜੀ ਮਾਰ ਵਧਾ ਲੈਂਦੇ ਲੀਡਰ ਤਨਖਾਹਾਂ ਨੂੰ
ਮਜਦੂਰਾਂ ਦੀ ਵਾਰੀ ਪਰ ਇਹ ਕਰਨ ਸਲਾਹਾਂ ਨੂੰ
ਲੋਕਾਂ ਲਈ ਨੇ ਛੱਡ ਦਿੰਦੇ, ਰਸਤੇ ਖੁਆਰੀ ਦੇ
ਵਾਹ ਵਾਹ ਰੰਗ ਨਿਆਰੇ ਲੋਕੋ ਜਨਤਾ ਵਿਚਾਰੀ ਦੇ
ਪੜ੍ਹੇ ਲਿਖਿਆਂ ਦੀ ਵਿਹਲੀ ਰਹਿਗੀ, ਵੱਡੀ ਢਾਣੀ ਏ
ਬੱਸ ਗਰੀਬਾ ਤੇਰੀ ਰਹਿਣੀ, ਏਹੀ ਕਹਾਣੀ ਏ
ਆਪੇ ਕੰਢੇ ਬਹਿ ਕੇ ਸ਼ਮੀ, ਲੋਕ ਨੀ ਤਾਰੀਦੇ
ਵਾਹ ਵਾਹ ਰੰਗ ਨਿਆਰੇ ਲੋਕੋ ਵਿੱਦਿਆ ਵਿਚਾਰੀ ਦੇ