ਵਹੁਟੀ ਨਾਲ ਪੰਜਾਬੀ ਪਿਆ ਬੋਲਦਾ ਏ
ਬਾਲਾਂ ਨਾਲ ਹੈ ਹਿੰਦੀ ਵਿਚ ਗੱਲ ਕਰਦਾ
ਮਾਂ ਬੋਲੀ ਦੇ ਸ਼ੌਰ ਨੂੰ ਲਾ ਡੱਕਾ
ਛੱਪੜ ਦੂਜਿਆਂ ਦੇ ਜਲਥਲ ਕਰਦਾ
ਖਾਂਦਾ ਡਾਲਡਾ, ਮਖਣੀ ਘਰੋਂ ਕਢੀ
ਵੇਖੋਂ ਗੱਲਾਂ ਪੰਜਾਬੀ ਅਵੱਲ ਕਰਦਾ
ਹੰਸ ਬਾਬੇ ਫਰੀਦ ਦਾ ਕਾਂ ਜੰਮੇ
ਵੇਖੋ ਝੱਲਾ ਪੰਜਾਬੀ ਕੀ ਝੱਲ ਕਰਦਾ
ਬੋਲੀ ਵਾਰਿਸ ਦੀ ਜਦ ਤੱਕ ਨਾ ਹੋਈ ਲਾਗੂ
ਓਨਾ ਤੀਕ ਨਹੀਂ ਵੈਰੀ ਨੂੰ ਠੱਲ ਪੈਣੀ
ਤੁਸੀਂ ਬੇ ਜੀਬੇ, ਗੂੰਗੇ, ਮਾਂ ਮਹਿਟਰ
ਤੁਹਾਡੀ ਏਹੋ ਪੰਜਾਬੀਓ ਅੱਲ ਪੈਣੀ
ਮਾਂ ਮਰੇ ਤੇ ਪੁੱਤ ਨੇ ਰੁਲ ਜਾਂਦੇ
ਪਿਓ ਨੇ ਹੋਰ ਕਰਨੀ, ਸੀਨੇ ਸੱਲ ਪੈਣੀ
ਓੜਕ ਕਰਨਾ ਨਬੇੜਾ ਪੰਜਾਬੀਆਂ ਨੇ
ਛਿੰਝ ਅੱਜ ਪੈਣੀ ਭਾਵੇਂ ਕੱਲ ਪੈਣੀ