ਵਣ ਦਾ ਬੂਟਾ

ਮੈਂ ਵਣ ਦਾ ਸੰਘਣਾ ਬੂਟਾ,

ਠੰਢੀਆਂ ਮੇਰੀਆਂ ਛਾਵਾਂ

ਮਿੱਠੀਆਂ ਮੇਰੀਆਂ ਪੀਲੂ,

ਵੇ ਤੂੰ ਰਾਹੀਆ ਜਾਂਦਿਆ

ਭੁਖਣ-ਭਾਣਿਆ ਮਾਂਦਿਆ

ਝੱਟ ਕੁ ਸਾਹ ਲੈ,

ਮੇਰੀਆਂ ਪੀਲੂ ਖਾ ਲੈ,

ਮੇਰੀ ਛਾਵੇਂ ਬਹਿ ਲੈ

ਮੈਂ ਵਣ ਦਾ ਸੰਘਣਾ ਬੂਟਾ,

ਠੰਢੀਆਂ ਮੇਰੀਆਂ ਛਾਵਾਂ

ਕੀ ਹੋਇਆ ਪੰਧ ਸਾਰਾ ਅੱਗੇ

ਕੀ ਹੋਇਆ ਦਿਨ ਸਿਰ ਤੋਂ ਢਲਿਆ

ਜੀਵਨ ਪੈਂਡਾ ਡੂੰਘਾ ਮੁੰਨਿਆ !

ਪਰ ਇੰਜ ਧੁੱਪੇ ਸੜਿਆਂ,

ਧੁੱਦਲ ਫੱਕਿਆਂ ਕੁੱਝ ਨਹੀਂ ਬਣਦਾ,

ਉਹੋ ਝੱਟ ਸੁਹਾਣੇ,

ਜਿਹੜੇ ਛਾਵਾਂ ਹੇਠ ਵਿਹਾਣੇ

ਇਹ ਛਾਵਾਂ ਵੀ ਚਾਰ ਦਿਹਾੜੇ,

ਚਾਰ ਦਿਹਾੜੇ ਜੋਬਨ,

ਮੁੜ ਪੱਤਰਾਂ ਨੇ ਝੜਨਾਂ

ਅੱਜ ਕੇ ਬਹਿ ਲੈ ਥੱਲੇ

ਮੈਂ ਵਣ ਦਾ ਬੂਟਾ ਸੰਘਣਾ

ਠੰਢੀਆਂ ਮੇਰੀਆਂ ਛਾਵਾਂ

📝 ਸੋਧ ਲਈ ਭੇਜੋ