ਜਦੋਂ ਉਹ ਆਪਣੇ ਮਿਸ਼ਨ ਤੇ ਆਇਆ
ਉਹ ਪੱਖਪਾਤੀ ਨਹੀਂ ਸੀ
ਉਸਨੇ ਜਿਸ ਦੇਸ਼ ਦੀ ਵੰਡ ਕਰਨੀ ਸੀ
ਕਦੇ ਉਹਨੇ ਉਸਦੇ
ਦਰਸ਼ਨ ਤੀਕ ਵੀ ਨਹੀਂ ਸੀ ਕੀਤੇ।
ਉਸਨੇ ਉਸ ਦੇਸ਼ ਦੀ ਵੰਡ ਕਰਨੀ ਸੀ
ਜਿੱਥੇ ਦੋਵਾਂ ਧਿਰਾਂ ਦਾ
ਸਿਰ-ਵੱਢਵਾਂ ਵੈਰ ਸੀ।
ਜਿੱਥੇ ਭੋਜਨ ਵੱਖਰਾ ਸੀ
ਤੇ ਦੇਵਤੇ ਅੱਡੋ-ਅੱਡ।
ਲੰਡਨ ਵਿਚ ਉਹਨਾਂ ਨੇ
ਉਸਨੂੰ ਹਦਾਇਤ ਦਿੱਤੀ
‘‘ਸਮਾਂ ਥੋੜ੍ਹਾ ਹੈ
ਤੇ ਆਪਸੀ ਸਮਝੌਤੇ ਤੇ ਤਰਕ-ਸੰਗਤ
ਵਿਚਾਰ-ਵਟਾਂਦਰੇ ਲਈ ਪਹਿਲਾਂ ਹੀ ਬਹੁਤ
ਦੇਰ ਹੋ ਚੁੱਕੀ ਹੈ।
ਹੁਣ ਅੱਡ ਹੋਣ ਤੋਂ ਬਿਨਾਂ ਕੋਈ ਚਾਰਾ ਨਹੀਂ।
‘ਵਾਇਸਰਾਏ ਸੋਚਦਾ ਹੈ
ਤੇ ਤੂੰ ਉਸਦੀ ਚਿੱਠੀ ਪੜ੍ਹਕੇ
ਖ਼ੁਦ ਵੇਖ ਲਵੇਂਗਾ
ਜਿੰਨਾ ਘੱਟ ਤੂੰ ਉਸਦੇ ਗੋਡੇ ਮੁੱਢ ਬਹੇਂਗਾ
ਓਨਾ ਹੀ ਬਿਹਤਰ
ਇਸ ਕਾਰਜ ਲਈ
ਤੇਰੀ ਕੋਠੀ ਵੱਖਰੀ ਹੋਵੇਗੀ
ਤੈਨੂੰ ਚਾਰ ਜੱਜ ਦੇਵਾਂਗੇ,
ਸਲਾਹ ਮਸ਼ਵਰੇ ਲਈ
ਦੋ ਮੁਸਲਮਾਨ ਤੇ ਦੋ ਹਿੰਦੂ
ਪਰ ਅੰਤਮ ਫੈਸਲਾ ਤੇਰਾ ਹੋਵੇਗਾ।’’
ਵੱਖਰੀ ਕੋਠੀ ਵਿਚ ਕੈਦ
ਤੇ ਬਾਗਾਂ ਵਿਚ
ਰਾਤ-ਦਿਨ ਪੁਲਸ ਦੀ ਗਸ਼ਤ ਹੇਠਾਂ
ਕਾਤਲਾਂ ਦੀ ਮਾਰ ਤੋਂ ਬਚਦਾ
ਲੱਖਾਂ ਲੋਕਾਂ ਦੀ
ਕਿਸਮਤ ਦਾ ਫੈਸਲਾ ਕਰਨ ਲਈ
ਉਹ ਸਿਰ-ਸੁੱਟ ਕੇ ਕੰਮ ਵਿਚ ਖੁੱਭ ਗਿਆ।
ਉਸਦੇ ਨਕਸ਼ੇ ਪੁਰਾਣੇ ਸਨ
ਤੇ ਜਨਸੰਖਿਆ ਦੀਆਂ ਰਿਪੋਰਟਾਂ ਗਲਤ
ਪਰ ਇਹਨਾਂ ਨੂੰ ਚੈੱਕ ਕਰਨ ਲਈ
ਨਾ ਸਮਾਂ ਸੀ
ਤੇ ਨਾ ਝਗੜੇ ਵਾਲੇ ਇਲਾਕਿਆਂ ਨੂੰ
ਵੇਖਣ-ਪਰਖਣ ਦਾ ਵੇਲਾ।
ਮੌਸਮ ਅਤਿ ਦਾ ਗਰਮ ਸੀ
ਤੇ ਪੇਚਸ, ਉਸਨੂੰ ਦੁੜਕੀ ਲਾਈ ਰੱਖਦੀ
ਪੂਰੇ ਸੱਤ ਹਫ਼ਤਿਆਂ ਵਿਚ
ਉਸਨੇ ਕੰਮ ਕਰਕੇ ਔਹ ਮਾਰਿਆ
ਸਰਹੱਦਾਂ ਵੰਡ ਦਿੱਤੀਆਂ
ਤੇ ਮਹਾਂ-ਦੀਪ ਨੂੰ
ਚੰਗਾ ਜਾਂ ਬੁਰਾ ਪਾੜ ਸੁੱਟਿਆ
ਵਿਹਲਾ ਹੋ ਕੇ ਅਗਲੇ ਦਿਨ
ਜਹਾਜ਼ ਵਿਚ ਬੈਠਕੇ
ਉਹ ਇੰਗਲਿਸਤਾਨ ਨੂੰ ਤੁਰ ਗਿਆ
ਉੱਥੇ ਪਹੁੰਚ ਚੰਗੇ ਵਕੀਲ ਵਾਂਗੂ
ਉਹ ਸਭ ਕੁਝ ਭੁੱਲ ਭੁਲਾ ਗਿਆ
ਡਰੇ ਹੋਏ ਨੇ, ਵਾਪਸ ਆ ਕੇ ਉਸਨੇ
ਕਿੱਥੇ ਵੇਖਣਾ ਸੀ
ਉਹਨੇ ਆਪਣੇ ਕਲੱਬ ਨੂੰ ਦੱਸਿਆ
ਕਿ ਕੋਈ ਉਸਨੂੰ
ਗੋਲੀ ਵੀ ਮਾਰ ਸਕਦਾ ਸੀ।