ਹੱਥ ਜੋੜਕੇ ਤੇਰੇ ਅੱਗੇ, ਕਰਦੇ ਹਾਂ ਅਰਦਾਸਾਂ॥
ਕਰੀਂ ਪੂਰੀਆਂ ਤੇਰੇ ਦਰ ਜੋ, ਆਇਆ ਲੈਕੇ ਆਸਾਂ॥
ਭੁੱਖੇ ਦੀ ਤੂੰ ਭੁੱਖ ਮਿਟਾਂਈ, ਪਿਆਸੇ ਦੀਆਂ ਪਿਆਸਾਂ॥
ਹਰ ਵੇਲੇ ਤੂੰ ਰਹੀਂ ਵੱਸਦਾ, ਸਾਈਆਂ ਦਿਲ ਦੇ ਨੇੜੇ॥
ਵੰਡਦਾ ਰਹੀਂ ਸਭਨੂੰ, ਪਾਤਿਸ਼ਾਹ ਖੁਸ਼ੀਆਂ ਖੇੜੇ॥
ਰੋਕ ਦੇਵੋ ਗਮੀਆਂ ਦੇ ਝੱਖੜ, ਆਉਣ ਖੁਸ਼ੀ ਦੇ ਬੁੱਲ੍ਹੇ॥
ਕਦੇ ਕਿਸੇ ਦੀ ਅੱਖ ਚੋ’ ਦਾਤਾ, ਕਦੇ ਨਾਂ ਹੰਝੂ ਡੁੱਲ੍ਹੇ॥
ਤੱਪਦੇ ਰੱਖਿਓ ਹਰ ਇੱਕ ਘਰ ਦੇ, ਮੇਹਰਵਾਨ ਜੀ ਚੁੱਲ੍ਹੇ॥
ਤੁਸਾਂ ਹੀ ਬਿਲੇ ਲਗਾਉਣੇ ਆਪੇ, ਅਸਾ ਜੋ ਕਾਜ਼ ਸਹੇੜੇ॥
ਵੰਡਦਾ ਰਹੀਂ ਸਭਨੂੰ, ਪਾਤਿਸ਼ਾਹ ਖੁਸ਼ੀਆਂ ਖੇੜੇ॥
ਨਿੱਤ ਨੇਮ ਤੂੰ ਰਹੀ ਬਖਸ਼ਦਾ, ਤੜਕੇ ਨਿੱਤ ਪ੍ਰਭਾਤਾਂ॥
ਮਾਂ ਦੀ ਮਮਤਾ ਪਵੇਂ ਨਾ ਫਿੱਕੀ, ਝੋਲੀ ਪਾਊ ਸੁਗਾਤਾਂ॥
ਦਾਦੀ ਮਾਂ ਪੋਤੇ ਨਾ ਪਾਉਦੀ, ਰਹੇ ਪਿਆਰ ਦੀਆਂ ਬਾਤਾਂ॥
ਪੁੱਤਾਂ ਦੇ ਨਾਲ ਸਦਾ ਸੋਭਦੇ, ਦਾਤਾ ਘਰ ਦੇ ਵੇਹੜੇ॥
ਵੰਡਦਾ ਰਹੀਂ ਸਭਨੂੰ, ਪਾਤਿਸ਼ਾਹ ਖੁਸ਼ੀਆਂ ਖੇੜੇ॥
ਸਭਨਾਂ ਨੂੰ ਰੁਜਗਾਰ ਦਈਂ ਦਸ, ਵੰਧ ਕੱਡਦੇ ਰਹੀਏ॥
ਤੇਰੀ ਕਥਾ ਕਹਾਣੀ ਸੁਣੀਏ, ਆ ਸੰਗਤ ਵਿੱਚ ਬਹੀਏ॥
ਜੀਭਾਂ ਦੇ ਵਿੱਚ ਰਸ ਭਰ ਦਿਓ, ਮੰਦਾਂ ਫਲਜ਼ ਕਹੀਏ॥
ਮੋਢਾ ਲਾ ਕੇ ਤਾਰ ਦਿਓ ਜੀ, ਏ ਜਿੰਦਗੀ ਦੇ ਬੇੜੇ॥
ਵੰਡਦਾ ਰਹੀਂ ਸਭਨੂੰ, ਪਾਤਿਸ਼ਾਹ ਖੁਸ਼ੀਆਂ ਖੇੜੇ॥
ਨੂਰੋ ਨੂਰੀ ਰਹਿਣ ਮਾਲਕਾ, ਨਾ ਮੁਰਝਾਵਣ ਚੇਹਰੇ॥
ਭੈਣਾਂ ਬੰਨ੍ਹਣ ਸ਼ਗਨਾਂ ਵਾਲੇ, ਵੀਰਾਂ ਦੇ ਸਿਰ ਸੇਹਰੇ॥
ਫਰੀਦਸਰਾਈਆ ਰਹੇ ਗਾਂਵਦਾ, ਸੱਤਾ ਸੋਹਲੇ ਤੇਰੇ॥
ਤੁਸਾਂ ਦੀ ਰਹਿਮਤ ਨਾਲ ਦਾਤਿਆ, ਮੁੱਕ ਜਾਣ ਸਭ ਝੇੜੇ॥
ਵੰਡਦਾ ਰਹੀਂ ਸਭਨੂੰ, ਪਾਤਿਸ਼ਾਹ ਖੁਸ਼ੀਆਂ ਖੇੜੇ॥