ਜੀਵੇ ਕੌਮ ਮਨੁੱਖਤਾ ਵਾਲੀ

ਜੀਵੇ ਜੱਗ ਕਬੀਲਾ

ਏਸ ਮਨੁੱਖੀ ਦੁਨੀਆਂ ਦਾ ਹੈ

ਟੱਬਰ ਛੈਲ ਛਬੀਲਾ

ਦੋ ਪਲਕਾਂ ਜਿਉ ਬਾਲ-ਅੱਖ ਦਾ

ਖੋਲਣ ਨੀਲਾ ਬੂਹਾ

ਕੁੜੀਆਂ ਦੇ ਹੋਠਾਂ ਨਾਲ ਹੋਵੇ

ਸਰਘੀ ਵੇਲਾ ਸੂਹਾ

ਟੱਬਰ ਦੇ ਵਿਚ ਪਰਤ ਪਵਾਂਗਾ

ਫੇਰ ਮੁੜਾਂਗਾ--ਫੇਰ ਮੁੜਾਂਗਾ

ਜਿਵੇਂ ਰਾਤ ਦੀ ਭਰੀ ਨਦੀ ਵਿਚ

ਤਰਦੀ ਇਕ ਖੁਸ਼ਬੋ

ਪਿਆਰ ਕਰਦੀਆਂ ਅੱਖੀਆਂ ਅੰਦਰ

ਇਕ ਸ਼ਰਮੀਲੀ ਲੋਅ

ਜਿਵੇਂ ਪਛਾਤੇ ਤੇ ਲਡਿਆਂਦੇ

ਹੱਥ ਕਿਸੇ ਨੂੰ ਛੋਹਣ

ਜਾਂ ਬੱਚੇ ਦੇ ਹੋਠ ਮਾਂ ਦੀ

ਛਾਤੀ ਚੁੰਘਦੇ ਹੋਣ

ਜ਼ਿੰਦਗੀ ਦੇ ਵਿਚ ਛਲਕ ਪਵਾਂਗਾ

ਫੇਰ ਮੁੜਾਂਗਾ--ਫੇਰ ਮੁੜਾਂਗਾ

ਮੇਰੀ ਜ਼ਿੰਦਗੀ ਮਾਂ ਅੱਜ ਗੌਂਦੀ

ਬਾਹਵਾਂ ਅਡਦੀ ਜਾਪੇ

ਇਕ ਤਰੇਲ ਦੇ ਟੇਪੇ ਅੰਦਰ

ਆਪਣਾ ਆਪ ਸਿੰਝਾਪੇ

ਕੀ ਤੈਨੂੰ ਵੀ ਚੇਤਾ ਮੇਰਾ ?

ਕਿਸੇ ਰੁੱਖ ਨੂੰ ਪੁੱਛਾਂ

ਤੁਸਾਂ ਲਈ ਮੈ ਸਹਿਕ ਰਿਹਾ ਸਾਂ

ਘਾਹਵਾਂ ਨੂੰ ਮੈਂ ਆਖਾਂ

ਫੁੱਲਾਂ ਦੇ ਵਿਚ ਫੁੱਲ ਖਿੜਾਂਗਾ

ਫੇਰ ਮੁੜਾਂਗਾ--ਫੇਰ ਮੁੜਾਂਗਾ

ਰਾਤਾਂ ਦਾ ਇਕ ਖੜਕ ਸੁਣੀਵੇ

ਅਤੇ ਦਿਨਾਂ ਦੀ ਆਹਟ

ਕੰਨਾਂ ਵਿਚ ਆਵਾਜ਼ ਕਿਸੇ ਦੀ

ਹੋਠਾਂ ਤੇ ਝਰਨਾਹਟ

ਇੱਕ ਚੁੰਘਣੀ ਪੀਂਦਾ ਬੱਚਾ

ਖੇਡੇ ਦੂਜੀ ਨਾਲ

ਜੀਵਨ ਜੋਗੇ ਏਸ "ਅੱਜ" ਨੂੰ

ਦੇਂਦਾ "ਕੱਲ੍ਹ" ਉਛਾਲ

ਰਜਵਾਂ ਰਜਵਾਂ ਪਿਆਰ ਕਰਾਂਗਾ।

ਫੇਰ ਮੁੜਾਂਗਾ--ਫੇਰ ਮੁੜਾਂਗਾ

ਲਹੂ ਮਾਸ ਦਾ ਬਣਿਆ ਹੋਇਆ

ਬੁੱਤ ਮਨੁੱਖੀ ਜੀਵੇ

ਧਰਤੀ ਦਾ ਸੰਗੀਤ ਜਦੋਂ

ਅਸਮਾਨਾਂ ਵਿਚ ਸੁਣੀਵੇ

ਨੀਲੇ ਬੱਦਲਾਂ ਨੂੰ ਇਹ ਜਾ ਕੇ

ਦੇਂਦਾ ਫੇਰ ਬੁਲਾਵੇ

ਅਤੇ ਨੀਲੀਆਂ ਲਹਿਰਾਂ ਨੂੰ ਇਹ

ਮੁੜਕੇ ਸੱਦਣ ਜਾਵੇ

ਦੂਰ ਕਿਵੇਂ ਮੈਂ ਠਹਿਰ ਸਕਾਂਗਾ

ਫੇਰ ਮੁੜਾਂਗਾ--ਫੇਰ ਮੁੜਾਂਗਾ

ਜਿਵੇਂ ਖੜਾਵਾਂ ਪਾ ਕੇ ਆਉਂਦੀ

ਹਰ ਇਕ ਨਵੀਂ ਸਵੇਰ

ਅੱਜ ਸੁਨਹਿਰੀ ਧੁੱਪਾਂ ਨੱਚਣ

ਕੰਮਾਂ ਭਰੀ ਚੰਗੇਰ

ਅਜ ਮਸ਼ੀਨਾਂ ਰੇਸ਼ਮ ਕੱਤਣ

ਪੈਰ ਛਣਕਦਾ ਜਾਵੇ

ਅੱਜ ਘੂਕਦੀ ਲੱਕੜ ਮੇਰੀ

ਬਾਰੀ ਦੇ ਵਿਚ ਗਾਵੇ

ਕੰਮਾਂ ਦਾ ਸੰਗੀਤ ਸੁਣਾਂਗਾ

ਫੇਰ ਮੁੜਾਂਗਾ--ਫੇਰ ਮੁੜਾਂਗਾ

ਅੱਜ ਭਾਫ਼ ਦੇ ਇੰਜਨ ਮੇਰੇ

ਜਿਵੇਂ ਸਾਹ ਪਏ ਲੈਦੇ

ਹਸਦੇ ਗੌਂਦੇ ਬੁੱਤ ਲੋਹੇ ਦੇ

ਜੋਸ਼ ਸੀਟੀਆਂ ਦੇਂਦੇ

ਹਸਦੀ ਖਿੜਦੀ ਗੱਲਾਂ ਕਰਦੀ

ਨਵੀਂ ਮਨੁੱਖਤਾ ਗਾਵੇ

ਕਿਹੜਾ ਏਸ ਉਸਾਰੀ ਵਿਚ ਨਾ

ਆਪਣਾ ਹਿੱਸਾ ਪਾਵੇ

ਨਵਾਂ ਮਨੁੱਖੀ ਗੀਤ ਰਚਾਂਗਾਂ

ਫੇਰ ਮੁੜਾਂਗਾ--ਫੇਰ ਮੁੜਾਂਗਾ

ਜ਼ੋਰ ਜ਼ਬਰ ਦਾ ਅਤੇ ਕਹਿਰ ਦਾ

ਔਖਾ ਵੇਲਾ ਹੜਿਆ

ਮੇਰਾ ਵੀਅਤਨਾਮ ਹੁਣ ਹਸਦੇ

ਫੁੱਲਾਂ ਵਾਂਗਣ ਖਿੜਿਆ

ਮੇਰੇ ਵੀਅਤਨਾਮ ਦੀਆਂ ਧੀਆਂ

ਪੱਛੀ ਚੁੱਕ ਕੇ ਖੜੀਆਂ

ਬੈਕ ਨਿਨਾਹ ਦੇ ਵਾਂਗ ਸੋਹਣੀਆਂ

ਸਭਨੀਂ ਥਾਵੀਂ ਕੁੜੀਆਂ

ਫੇਰ ਪਿਆਰ ਦਾ ਗੀਤ ਗਵਾਂਗਾ

ਫੇਰ ਮੁੜਾਂਗਾ--ਫੇਰ ਮੁੜਾਂਗਾ

ਕੰਮੀਂ ਰੁੱਝੇ ਹੱਥਾਂ ਉਤੇ

ਫੁੱਲ ਖੁਸ਼ੀ ਦੇ ਮਹਿਕੇ

ਰੌਣਕ ਅੱਜ ਮਨੁੱਖੀ ਵੇਹੜੇ

ਆਉਣ ਲਈ ਪਈ ਸਹਿਕੇ

ਕੇਡਾ ਜੀਊਂਦਾ ਕੇਡਾ ਪਿਆਰਾ

ਅਜ ਮਨੁੱਖੀ-ਵੇਹੜਾ

ਏਸ ਮਨੁੱਖੀ ਮਹਿਫ਼ਲ ਵਿੱਚੋਂ

ਦੂਰ ਜਾਏਗਾ ਕੇਹੜਾ !

ਜਿੰਦਗੀ ਨੂੰ ਮੈਂ ਆਖ ਦਿਆਂਗਾ

ਫੇਰ ਮੁੜਾਂਗਾ--ਫੇਰ ਮੁੜਾਂਗਾ

📝 ਸੋਧ ਲਈ ਭੇਜੋ