ਵਕਤ ਦੇ ਨੈਣਾਂ ’ਚ ਜਿਹੜੀ ਛਲਛਲਾਂਦੀ ਪੀੜ ਹੈ।
ਇਹ ਬਹੁਤ ਵੀਰਾਨ ਹੋਈਆਂ ਸਰਦਲਾਂ ਦੀ ਪੀੜ ਹੈ।
ਕੌਲ ਸੀ ਕਾਲ਼ੀ ਘਟਾ ਦਾ, ਆ ਗਈ ਬਦਲੋਟੜੀ,
ਹੋਰ ਵੀ ਹੁਣ ਵਧ ਗਈ ਮਾਰੂਥਲਾਂ ਦੀ ਪੀੜ ਹੈ।
ਮੰਜ਼ਲਾਂ ਜਿੰਨ੍ਹਾਂ ਦੇ ਵੱਲ ਰਸਤਾ ਕੋਈ ਤੁਰਿਆ ਨਹੀਂ,
ਕੌਣ ਸਮਝੇਗਾ ਕੀ ਉਹਨਾਂ ਮੰਜ਼ਲਾਂ ਦੀ ਪੀੜ ਹੈ।
ਕੱਟ ਕੇ ਬਿਰਖਾਂ ਨੂੰ ਉਹਨਾਂ ਕਰ ਲਈ ਬਸਤੀ ਆਬਾਦ,
ਬਸਤੀਆਂ ਨੂੰ ਕੀ ਪਤਾ, ਕੀ ਜੰਗਲਾਂ ਦੀ ਪੀੜ ਹੈ।
ਮੇਰੀਆਂ ਰਚਨਾਵਾਂ ਕੋਈ ਹਾਸਾ ਨਹੀਂ ਇਹ ਤਾਂ ਸਗੋਂ,
ਸਹਿਮ ਕੇ ਖ਼ਾਮੋਸ਼ ਹੋਈਆਂ ਬੁਲਬੁਲਾਂ ਦੀ ਪੀੜ ਹੈ।
ਆ ਗਈ ਅੰਤਮ ਘੜੀ ਤਾਂ ਵੈਦ ਮੇਰੇ ਨੇ ਕਿਹਾ,
ਸਬਰ ਕਰ ‘ਕੇਸ਼ੀ’ ਤੂੰ ਹੁਣ ਬਸ ਕੁਝ ਪਲਾਂ ਦੀ ਪੀੜ ਹੈ।