ਵਕਤ ਦੇ ਵਾਂਗ ਮੈਂ ਜਦ ਬੀਤ ਗਿਆ ਹੋਵਾਂਗਾ।
ਹੂਕ ਬਣ ਕੇ ਤੇਰੇ ਹੋਠਾਂ 'ਚੋਂ ਅਦਾ ਹੋਵਾਂਗਾ।
ਉਸ ਘੜੀ ਮੌਤ ਦੀ ਬੁੱਕਲ 'ਚ ਬਹਾਂਗਾ ਸ਼ਾਇਦ,
ਜਦ ਤੇਰੀ ਜ਼ੁਲਫ਼ ਦੀ ਕੁੰਡਲ 'ਚੋਂ ਰਿਹਾਅ ਹੋਵਾਂਗਾ।
ਮੈਂ ਤੇਰੇ ਬਾਝ ਹਾਂ ਧਰਤੀ ਦਾ ਆਦਮੀ ਅਦਨਾ,
ਜੇ ਤੁਸੀਂ ਨਾਲ ਤੂੰ ਅਰਸ਼ਾਂ ਦਾ ਖ਼ੁਦਾ ਹੋਵਾਂਗਾ।
ਮੈਂ ਕਿਸੇ ਬਿਰਧ ਦੇ ਹੋਠਾਂ 'ਚੋਂ ਨਿਕਲਿਆ ਫ਼ਿਕਰਾ,
ਕਿ ਖਿੱਲੀ ਵਾਂਗ ਨਾ ਯਾਰਾਂ ਤੋਂ ਉਡਾ ਹੋਵਾਂਗਾ ।
ਤੂੰ ਜਦੋਂ ਅਜਨਬੀ ਰਾਹਾਂ ਦੀ ਭਟਕਣਾ ਬਣੀਓਂ,
ਮੈਂ ਤੇਰੀ ਆਖ਼ਰੀ ਮੰਜ਼ਲ ਦਾ ਪਤਾ ਹੋਵਾਂਗਾ।
ਤੂੰ ਜਦੋਂ ਪਰਤਿਆ ਭਟਕਣ ਤੋਂ ਬਾਦ, ਵੇਖ ਲਵੀਂ,
ਮੈਂ ਤੇਰੀ ਰਾਹ ਵਿੱਚ ਏਥੇ ਹੀ ਖੜਾ ਹੋਵਾਂਗਾ।