ਵਰ ਕਿ ਸਰਾਪ

ਮੇਰੇ ਰੱਬਾ ਜੇ ਮੇਰੇ ਤੇ ਮਿਹਰ ਕਰਦਾ,

ਘਰੇ ਕਿਰਤੀ ਦੇ ਦਿੰਦਾ ਨਾ ਜਨਮ ਮੈਨੂੰ

ਇਹ ਵੀ ਗਲਤੀ ਜੇ ਭੁੱਲਕੇ ਹੋ ਗਈ ਸੀ,

ਕਾਹਨੂੰ ਦਿੱਤੀ ਸੀ ਕਵਿਤਾ ਤੇ ਕਲਮ ਮੈਨੂੰ

ਕੱਲੀ ਕਲਮ ਜੇ ਹੁੰਦੀ ਤਾਂ ਸਾਰ ਲੈਂਦਾ,

(ਪਰ) ਮੱਲੋ ਮੱਲੀ ਤੂੰ ਅਣਖ ਤੇ ਲਾਜ ਦਿੱਤੀ

ਤੈਨੂੰ ਕਾਵਾਂ ਨੇ ਕਿਹਾ ਜ਼ਰੂਰ ਹੋਣੈ,

ਖ਼ਬਰੇ ਕੋਇਲ ਦੀ ਤਾਹੀਓਂ ਆਵਾਜ਼ ਦਿੱਤੀ

ਸੱਚ, ਨਿਮਰਤਾ, ਭੁੱਖ ਤੇ ਦੁੱਖ ਦਿੱਤਾ,

ਦਾਤਾਂ ਵਿੱਚ ਜੋ ਤੂੰ ਦਾਤਾਰ ਦਿੱਤਾ

ਤੇਰੀ ਉਦੋਂ ਸ਼ੈਤਾਨੀ ਦਾ ਪਤਾ ਲੱਗੈ,

ਜਦੋਂ ਵਿੱਚੇ ਤੂੰ ਲੋਕਾਂ ਦਾ ਪਿਆਰ ਦਿੱਤਾ

ਲੋਕ ਪਿਆਰ ਦੀ ਗੁੱਥਲੀ ਜੇ ਖੋਲ੍ਹਦਾ ਨਾ,

ਕਵਿਤਾ ਕਰਦੀ ਨਾ ਕਦੇ ਖੁਆਰ ਮੈਨੂੰ

ਨਾਲੇ ਪਿੰਡ ਦੇ ਚੌਧਰੀ ਖ਼ੁਸ਼ ਰਹਿੰਦੇ,

ਕੀ ਕਹਿਣਾ ਸੀ ਨਾਲੇ ਸਰਕਾਰ ਮੈਨੂੰ

ਤਿੰਨ ਬਾਂਦਰਾਂ 'ਤੇ ਮਹਾਂਕਾਵਿ ਲਿਖਕੇ,

ਹੁਣ ਨੂੰ ਕੋਈ ਕਿਤਾਬ ਛਪਾਈ ਹੁੰਦੀ

ਜਿਹੜੀ ਆਪ ਵਿਕਦੀ ਆਪੇ ਵੇਚ ਲੈਂਦੇ,

ਰਹਿੰਦੀ ਵਿੱਚ ਸਕੂਲਾਂ ਲਗਵਾਈ ਹੁੰਦੀ

ਪੱਠੇ ਬਲਦਾਂ ਨੂੰ ਜਦ ਕੋਈ ਕੁੜੀ ਪਾਉਂਦੀ,

ਤਵਾ ਸਾਡਾ ਸਪੀਕਰ 'ਤੇ ਲੱਗ ਜਾਂਦਾ

ਟੈਲੀਵਿਜ਼ਨ 'ਤੇ ਕਿਸੇ ਮੁਟਿਆਰ ਦੇ ਸੰਗ,

ਸਾਡੇ ਗਾਉਣ ਦਾ ਸਮਾਂ ਵੀ ਬੱਝ ਜਾਂਦਾ

ਲੰਡਨ ਵਿੱਚ ਵਿਸਾਖੀ ਦੀ ਸਾਈ ਹੁੰਦੀ,

ਪੈਰ ਧੋਣੇ ਸੀ ਸਾਡੇ ਧਨਵੰਤੀਆਂ ਨੇ

ਗੱਫਾ ਦੇਗ ਦਾ ਪੰਜਾ ਪਿਆਰਿਆਂ 'ਚੋਂ,

ਸਾਨੂੰ ਪਹਿਲਾਂ ਸੀ ਦੇਣਾ ਗ੍ਰੰਥੀਆਂ ਨੇ

ਸਾਡੀ ਲੰਡਨ ਦੀ ਟਿਕਟ ਦੇ ਨਾਲ ਨੱਥੀ,

ਸਾਡੀ ਪਤਨੀ ਦਾ ਟਿਕਟ ਵੀ 'ਬਾਈਂਡ' ਹੁੰਦਾ

ਕੱਚੇ ਕੋਠੇ ਵਿੱਚ ਬਾਕੀ ਤਾਂ ਜੰਮ ਲਏ ਸੀ,

ਇੱਕ ਬੱਚਾ ਤਾਂ 'ਮੇਡ ਇਨ ਇੰਗਲੈਂਡ' ਹੁੰਦਾ

ਮੇਰੇ ਜਿੰਨੀ ਸੀ ਵਿਹੜੇ ਨੂੰ ਅਕਲ ਕਿੱਥੇ ?

ਗੱਲ ਗੱਲ 'ਤੇ ਸਾਡੀ ਅਗਵਾਈ ਹੁੰਦੀ

ਤੜਕੇ ਕੀਹਦੇ ਹੈ ਘਰੇ ਹਨੇਰ ਪਾਉਣਾ,

ਨਾਲ ਪੁਲਸ ਦੇ ਸੀਟੀ ਮਿਲਾਈ ਹੁੰਦੀ

ਘਰੇ ਆਪਣੀ ਨਹੀਂ ਤਾਂ ਕਿਸੇ ਦੀ ਹੀ,

ਕਾਰ ਕਦੇ ਕਦਾਈਂ ਤਾਂ ਖੜੀ ਰਹਿੰਦੀ

ਨਾਲੇ ਵਿਹੜੇ ਦੀਆਂ ਭੰਗਣਾਂ ਸੀਰਨਾਂ ਵਿੱਚ,

ਸਾਡੀ ਤੀਵੀਂ ਦੀ ਗੁੱਡੀ ਵੀ ਚੜ੍ਹੀ ਰਹਿੰਦੀ

ਲੋਕ ਪਿਆਰ ਦਾ ਕੇਹਾ ਤੈਂ ਵਰ ਦਿੱਤੈ,

ਕਿ ਸਾਡੇ ਲੱਗੀ ਸਰਾਪਾਂ ਦੀ ਝੜੀ ਰਹਿੰਦੀ

ਲੈ ਕੇ ਕੱਫ਼ਣ ਸਰ੍ਹਾਣੇਂ ਹਾਂ ਨਿੱਤ ਸੌਂਦੇ,

ਚੱਤੋ ਪਹਿਰ ਦਿਮਾਗ਼ ਵਿੱਚ ਮੜ੍ਹੀ ਰਹਿੰਦੀ

📝 ਸੋਧ ਲਈ ਭੇਜੋ