ਗਰਜਿਆ ਸ਼ੇਰ ਪੰਜਾਬ ਦਾ
ਲੰਡਨ ਵਿੱਚ ਲਾ ਕੇ
ਸੁਣ ਓਇ ਡਾਇਰ ਪਾਪੀਆ
ਤੂੰ ਆਇਆ ਕਹਿਰ ਕਮਾਕੇ
ਜੱਲ੍ਹਿਆਂ ਵਾਲੇ ਬਾਗ ਵਿੱਚ
ਖ਼ੂਨੀ ਫ਼ਸਲ ਉਗਾ ਕੇ
ਆਪਣਾ ਬੀਜਿਆ ਵੱਢ ਲੈ
ਹੁਣ ਅੱਗੇ ਆ ਕੇ
ਤੂੰ ਕੀ ਸੋਚਿਆ ਜ਼ਾਲਮਾ
ਤੂੰ ਹਿੰਦੀ ਡਰਾਤੇ?
ਅਣਖੀ ਪੁੱਤ ਪੰਜਾਬ ਦਾ
ਆਇਆ ਸੌਹਾਂ ਖਾ ਕੇ
ਅਲਖ਼ ਤੇਰੀ ਨੂੰ ਗੋਰਿਆ
ਅੱਜ ਜਾਊ ਮੁਕਾ ਕੇ
ਭਾਂਬੜ ਸੀਨੇ ਮੱਚਦੇ
ਸਭ ਜਾਉਂ ਬੁਝਾ ਕੇ
ਤੂੰ ਸੀ ਮੁਲਕ ਵੰਗਾਰਿਆ
ਹੱਥ ਅਣਖ ਨੂੰ ਪਾ ਕੇ
ਬੱਚੇ ਬੁੱਢੇ ਔਰਤਾਂ ਤੇ
ਹੱਲਾ ਕਰਵਾ ਕੇ
ਹੱਸਦੇ ਵੱਸਦੇ ਘਰਾਂ ਦੇ
ਦੀਵੇ ਗੁੱਲ ਕਰਾ ਕੇ
ਅੱਜ ਤੈਨੂੰ ਜਾਣਾ ਦੱਸ ਕੇ
ਲਲਕਾਰਾ ਲਾ ਕੇ
ਬਾਈਬਲ ਅੰਦਰ ਕਾਲ਼ ਹੈ
ਅੱਜ ਆਇਆ ਚੱਲ ਕੇ
ਸਬਰ ਪਿਆਲਾ ਵੇਖ ਲੈ
ਕਿੰਝ ਗਲ਼ ਤਕ ਛਲਕੇ
ਬੰਦੇਖਾਣੀ ਕੱਢ ਲਈ
ਪਰਦਾ ਖਿਸਕਾ ਕੇ
ਛਾਤੀ ਕੀਤੀ ਛਾਲਣੀ
ਛੇ ਫ਼ਾਇਰ ਚਲਾ ਕੇ
ਖ਼ਾਲੀ ਕਰਕੇ ਰੱਖਤਾ
ਪਸਤੌਲ ਚਲਾ ਕੇ
ਇਨਕਲਾਬ ਦੇ ਨਾਹਰਿਆਂ
ਨਾਲ਼ ਹਾਲ ਗੂੰਜਾ ਕੇ
ਝੰਡਾ ਉੱਚਾ ਕਰ ਗਿਆ
ਗਲ਼ੋਂ ਗ਼ੁਲਾਮੀ ਲਾਹ ਗਿਆ
ਸਾਰਾ ਦੇਸ਼ ਜਗਾ ਕੇ
ਯੋਧਾ ਪਾ ਗਿਆ ਪੂਰਨੇ
ਜਿੰਦ ਲੇਖੇ ਲਾ ਕੇ
ਸ਼ਮੀ ਕਹਿੰਦਾ ਚੇਤੇ ਰੱਖਿਓ
ਉਹਦੀਆਂ ਵਾਰਾਂ ਗਾ ਕੇ