ਵਾਰਿਸ ਲੱਭ ਰਹੀ ਹਾਂ

ਮੈਂ ਹਾਸੇ ਵੰਡ ਸਕਦੀ, ਦਿਲਾਸੇ ਵੰਡ ਸਕਦੀ

ਵੰਡਦੀ ਨਾ ਆਪਣੇ ਗ਼ਮ, ਇਤਬਾਰ ਨਹੀਂ ਕਰਦੀ

ਜਾਇਦਾਦ ਨੇ ਮੇਰੀ, ਕਿਸੇ ਨਜ਼ਰੀਂ ਨਾ ਚੜ੍ਹ ਜਾਣ

ਉੱਚੀ ਖੋਜ 'ਚ ਹਾਂ, ਮੈਂ ਵਾਰਿਸ ਲੱਭ ਰਹੀ ਹਾਂ

ਬੜੀ ਮੁਸ਼ਕਿਲ ਸਾਂਭੇ ਨੇ, ਸੱਜਣਾ ਤੋਂ ਵਾਂਝੇ ਨੇ

ਇਹ ਮੇਰਾ ਖ਼ਜ਼ਾਨਾ ਨੇ, ਕਿਸੇ ਹੋਰ ਨਾ ਸਾਂਝੇ ਨੇ

ਭਾਂਵੇਂ ਬਹੁਤੇ ਜ਼ਖ਼ਮੀ ਨੇ, ਪਰ ਮੇਰਾ ਗਹਿਣਾ ਨੇ

ਇਹ ਸੁੱਚੇ ਮੋਤੀ ਮੈਂ, ਬੱਸ ਵਾਰਿਸ ਨੂੰ  ਦੇਣੇ

ਏਹ ਕੋਮਲ ਫ਼ੁੱਲਾ ਜਿਹੇ, ਮੇਰੇ ਅੰਦਰ ਸੱਜਦੇ ਨੇ

ਕੰਡੇ ਇਹਨਾਂ ਵਿੱਚ ਜੜੇ, ਜਦ ਸੀਨੇ ਵੱਜਦੇ ਨੇ

ਇਹ ਹੀਰੇ ਮਸਤਿਕ ਦੇ, ਸੱਜਣਾ ਦੀ ਨਿਸ਼ਾਨੀ ਨੇ

ਜੇ ਵਾਰਿਸ ਨਾ ਮਿਲਿਆ, ਮਿੱਟੀ ਨਾਲ ਸੜ ਜਾਣੇ

ਮਹਿੰਗੇ ਮਾਮਲਿਆਂ ਕਰਕੇ, ਵਿਸ਼ਵਾਸ਼ ਨਾ ਕਰਦੀ ਹਾਂ

ਕੌਣ ਸਾਂਭੂ ਮੇਰੇ ਵਾਂਗ, ਏਸ ਗੱਲ ਤੋਂ ਡਰਦੀ ਹਾਂ

ਕੋਈ ਰੋੜ੍ਹ ਕੇ ਨਾ ਰੱਖਦੇ, ਕਿਸੇ ਨਾਮ ਨਾ ਕਰ ਸਕਦੀ

ਇਹ ਸੁੱਚੇ ਹੀਰੇ ਮੈਂ, ਨਾਮ 'ਸਰਬ' ਦੇ ਕਰਦੀ ਹਾਂ

ਬੱਸ ਉਸ ਦਾ ਸੀਨਾ ਹੈ, ਜਿਸ ਫੜ ਕੇ ਦੱਬਣੇ ਨੇ

ਇਹ ਉਸ ਕੋਲ ਜਚਣੇ ਨੇ ਤੇ ਉਸੇ ਕੋਲ ਫੱਬਣੇ ਨੇ

 ਖ਼ਾਲਿਕ ਵੀ ਚਾਹੁੰਦਾ ਸੀ, ਕਿ ਵਾਰਿਸ 'ਸਰਬ' ਰਹੇ

ਜਿੰਨੇ ਸਤਿ ਕਰਤਾਰ ਕਹਿ, ਝੋਲੀ ਪਾ ਢਕਣੇ ਨੇ

ਜਾਨੀ ਹੁਕਮ ਹੋਇਆ, ਕਿ ਕਿਸੇ ਨਹੀ ਦੇਣੇ

ਆਪਣੇ ਕੋਲ ਰੱਖਣੇ ਨੇ

📝 ਸੋਧ ਲਈ ਭੇਜੋ