ਵਾਰੀਆਂ ਇਸ਼ਕ ਮੈਦਾਨੇ ਆਖ਼ਰ ਪੁੱਗੀਆਂ ਨੇ ।
ਅਸੀਂ ਵੀ ਬੇਲੇ ਦੇ ਵਿਚ ਪਾਈਆਂ ਝੁੱਗੀਆਂ ਨੇ ।
ਬਾਗ਼ਾਂ ਦੇ ਵਿਚ ਰੌਣਕ ਹੁਸਨ ਖ਼ਿਆਲਾਂ ਦੀ,
ਫੁੱਲ ਨਹੀਂ ਇਹ ਮੇਰੀਆਂ ਸੱਧਰਾਂ ਉੱਗੀਆਂ ਨੇ ।
ਬਾਗ਼ਾਂ ਉੱਤੇ ਗਿਰਝਾਂ ਚੀਲਾਂ ਕਾਬਜ਼ ਨੇ,
ਦੂਰ ਨਿਮਾਣੇ ਭੌਰ ਤੇ ਖੁਮਰੇ ਘੁੱਗੀਆਂ ਨੇ ।
ਰੀਝਾਂ ਦੀ ਜੋ ਡਾਰ ਸੀ ਮੇਰੇ ਸੀਨੇ ਵਿਚ,
ਹਿਜਰ ਬਲਾ ਨੇ ਇਕ-ਇਕ ਕਰਕੇ ਚੁਗੀਆਂ ਨੇ ।
ਹੁਣ ਕਿਉਂ 'ਆਸ਼ਿਕ' ਥਲ ਬਰੇਤੇ ਗਾਹੁੰਦਾ ਨਈਂ,
ਬਾਰਾਂ ਪਾਲਣ ਵਾਲੀਆਂ ਅੱਖੀਆਂ ਸੁੱਕੀਆਂ ਨੇ ।