ਵਾਰੋ ਵਾਰੀ ਸਾਡੇ ਗਲ਼ ਵਿਚ ਪਾ ਕੇ ਡੋਰ ਤਮਾਸ਼ਾ
ਕਰਦੇ ਪਏ ਨੇ ਕਿੰਨੇ ਚਿਰ ਤੋਂ ਰਲ਼ ਕੇ ਚੋਰ ਤਮਾਸ਼ਾ
ਜਿੱਥੇ ਹੋਵੇ ਬਾਗਾਂ ਦੇ ਵਿਚ ਉੱਲੂਆਂ ਦੀ ਸਰਦਾਰੀ
ਬਣਦੇ ਰਹਿੰਦੇ ਕਾਂਵਾਂ ਹੱਥੋਂ ਤਿੱਤਰ ਮੋਰ ਤਮਾਸ਼ਾ
ਹੋਰ ਤਮਾਸ਼ਾ ਕਰ ਲੈ ਉਂਜ ਪਰ ਹੋਰ ਤਮਾਸ਼ਾ ਕਰਿਆਂ
ਵੇਖੀਂ ਕਿਧਰੇ ਬਣ ਨਾ ਜਾਵੇ ਹੋਰ ਦਾ ਹੋਰ ਤਮਾਸ਼ਾ
ਢੇਰ ਤਮਾਸ਼ੇ ਹੱਥੋਂ ਜਿਸਲ਼ੇ ਢੇਰ ਤਮਾਸ਼ਾ ਬਣ ਗਏ
ਸ਼ਹਿਰਾਂ ਨੇ ਫਿਰ ਪਿੰਡਾਂ ਵੱਲੇ ਦਿੱਤਾ ਟੋਰ ਤਮਾਸ਼ਾ
ਇੰਜ ਦੀ ਗ਼ਜ਼ਲ ਉਲੀਕਾਂ ਜਿਸਦਾ ਅੰਗ ਅੰਗ ਨੱਚਦਾ ਹੋਵੇ
ਇੱਕ ਇੱਕ ਸਾਹ ਤੇ ਕਰਦੀ ਹੋਵੇ ਇੱਕ ਇੱਕ ਪੋਰ ਤਮਾਸ਼ਾ
ਅਜ਼ਲਾਂ ਤੋਂ ਇਸ ਧਰਤੀ ਉੱਤੇ ਸਾਰੇ ਵਾਂਗ ਮਦਾਰੀ
ਆਪਣਾ ਆਪਣਾ ਕਰਦੇ ਫਿਰਦੇ ਲਾ ਕੇ ਜ਼ੋਰ ਤਮਾਸ਼ਾ
ਪੂਰੀ ਖਾ ਕੇ ਵੀ ਨਈਂ ਬੰਦੇ ਇੰਜ ਦੁਆਵਾਂ ਦਿੰਦੇ
ਤੱਕਿਆ ਏ ਮੈਂ ਪੱਖੂਵਾਂ ਅੱਗੇ ਸੁੱਟ ਕੇ ਭੋਰ ਤਮਾਸ਼ਾ
ਅੱਜ ਤਮਾਸ਼ੇ ਵਿਚ ਮੈਂ ਆਇਆਂ ਆਪ ਤਮਾਸ਼ਾ ਬਣਕੇ
ਅੱਜ ਵੀ ਆਖੀਂ ਜੇ ਨਾ ਦੇਵੇ ਅੱਜ ਵੀ ਲੋਰ ਤਮਾਸ਼ਾ
ਭਰਨੇ ਆਂ ਨਈਂ ਭਰਿਆ ਜਾਂਦਾ ਕੌੜਾ ਘੁੱਟ ਵੀ ਸਾਥੋਂ
ਜੀਵਨ ਵਿਚ ਏ ਦਿੱਤਾ ਉਹਨੇ ਏਨਾ ਖੋਰ ਤਮਾਸ਼ਾ
ਬੁੱਲ੍ਹਾਂ ਉੱਤੇ ਉੱਗਲਾਂ ਧਰ ਕੇ ਤੱਕਣਾ ਸਾਰੀ ਦੁਨੀਆਂ
ਜਿਸ ਦਿਨ ‘ਸੰਧੂ’ ਰਲ਼ ਕੇ ਕੀਤਾ ਚੁੱਪ ਤੇ ਸ਼ੋਰ ਤਮਾਸ਼ਾ