ਵਤਨ ਮੇਰੇ ਦੀ ਮਿੱਟੀ ’ਚੋਂ

ਵਤਨ ਮੇਰੇ ਦੀ ਮਿੱਟੀ ’ਚੋਂ ਸੁਹਾਨੀ ਫਿਰ ਸਦਾ ਆਵੇ

ਕਿ ਉੱਠੇ ਸੂਰਮਾ ਕੋਈ ਜ਼ੁਲਮ ਤਾਂਈ ਮਿਟਾ ਜਾਵੇ।

ਹਨੇਰੀ ਪਾਪ ਦੀ ਅੱਜ ਫਿਰ ਚੱਲੀ ਹੈ ਘੋਰ ਜ਼ੋਰਾਂ ਤੇ

ਗ਼ੁਲਿਸਤਾਂ ਖਿੜਨ ਤੋਂ ਪਹਿਲਾਂ ਨਾ ਕੋਈ ਵੀ ਮੁਕਾ ਜਾਵੇ।

ਕਹੇ ਝੁੱਲੋ, ਹਵਾਵੋ, ਹੁਕਮ ਮੇਰੇ ਵਿਚ ਹੀ, ਬਸ ਝੁੱਲੋ

ਇਹ ਪੁੱਠੀ ਖੋਪੜੀ ਜਗ ਨੂੰ ਜਹੱਨਮ ਨਾ ਬਣਾ ਜਾਵੇ।

ਇਹ ਦੁਨੀਆ ਹੈ ਬੜੀ ਸ਼ਾਤਿਰ ਮਗ਼ਰ ਇਹ ਸਮਝ ਨਾ ਪਾਈ

ਖ਼ਰੀਦੇ ਸੱਚ ਦਾ ਸੌਦਾ ਮਗ਼ਰ ਪਤ ਹੀ ਲੁਟਾ ਆਵੇ।

ਸੱਚਾਈ ਤੋੜਦੀ ਪੱਥਰ ਤੇ ਪੀਸਣ ਪੀਸਦੀ ਵੇਖੀ

ਤੇ ਟੇਢੀ ਦੁੰਮੜੀ ਵਾਲਾ ਇਹ ਸੱਭ ਕੁੱਝ ਚਟ ਚਟਾ ਜਾਵੇ।

ਵਿਰੋਧੀ ਸੋਚ ਦੇ ਮਾਲਿਕ ਬਣੇ ਨੇ ਬਾਗ਼ ਦੇ ਮਾਲੀ

ਰਹੋ ਚੌਕਸ ਨਾ ਕਿਧਰੇ ਵਾੜ ਹੀ ਖੇਤੀ ਨੂੰ ਖਾ ਜਾਵੇ।

ਮਹਿਕ ਜਾਂਦਾ ਮੇਰਾ ਵਿਹੜਾ ਤੇਰੀ ਆਮਦ ਜੇ ਹੋ ਜਾਂਦੀ

ਚਹਿਕ ਜਾਵੇ ਮੇਰਾ ਜੀਵਨ ਤੇਰੀ ਰਹਿਮਤ ਜੇ ਜਾਵੇ।

ਛੁਪਣਗੇ ਫੁੱਲ ਭਲਾ ਕਿੱਦਾਂ ਸੁਗੰਧੀ ਫੈਲ ਜਾਂਦੀ ਹੈ

ਹਵਾ ਫੁੱਲਾਂ ਦੇ ਸ਼ਹਿਰਾਂ ਦੀ ਸਹੀ ਪਹਿਚਾਣ ਪਾ ਜਾਵੇ।

ਨਿਮਾਣਾ ਜੀ ਤੇਰਾ ‘ਉੱਪਲ’ ਅਜਾਈਂ ਮਾਣ ਕੀ ਕਰਨਾ

ਇਹ ਜੀਵਨ ਹੀ ਭੁਲਾਵਾ ਹੈ ਕਿ ਅਗਲਾ ਦਮ ਹੀ ਨਾ ਆਵੇ।

📝 ਸੋਧ ਲਈ ਭੇਜੋ