ਯਾਦ ਤਾਂ ਜਰੂਰ ਆਉਂਦੀ ਹੋਵੇਗੀ

ਯਾਦ ਤਾਂ ਜਰੂਰ ਆਉਂਦੀ ਹੋਵੇਗੀ 

ਜਦ ਕਦੇ ਕੱਲੀ ਬੈਠੀ 

ਕਿਤਾਬ ਪੜ੍ਹ ਰਹੀ ਹੁੰਦੀ ਹੋਵੇੰਗੀ 

ਸੁੱਕੇ ਗੁਲਾਬ ਨੂੰ ਮੁੜ ਮੁੜ ਸੁੰਘਦਿਆਂ 

ਤੇ ਹਿੱਕ ਨੂੰ ਛੁਹਾਉੰਦਿਆਂ

ਡਰ ਤਾਂ ਜਰੂਰ ਲਗਦਾ ਹੋਵੇਗਾ 

ਜਦ ਕਦੇ ਉਹਨਾਂ ਰੁੱਖਾਂ ਚੋਂ 

ਇਕੱਲੀ ਲੰਘਦੀ ਹੋਵੇੰਗੀ

ਜਿਥੋਂ ਦੀ ਆਪਾਂ ਦੋਨੋਂ ਗੱਲਾਂ ਕਰਦੇ 

ਹੌਲੀ ਹੌਲੀ ਪੱਬ ਰੱਖਦੇ ਗੁਜਰਦੇ ਹੁੰਦੇ ਸਾਂ

ਸੂਈ ਪੁੜਦੀ ਤਾਂ ਹੋਵੇਗੀ 

ਜਰੂਰ ਪੋਟੇ ਚ 

ਫੁੱਲ ਪਾਉਂਦੀ ਹੋੰਵੇਗੀ 

ਜਦ ਚਾਦਰ ਤੇ ਵਿਯੋਗ ਦੇ 

ਸੁਪਨੇ ਯਾਦਾਂ ਚ 

ਡੁੱਬਦੇ ਤਾਂ ਹੋਣਗੇ 

ਅੱਧੀ ਰਾਤੇ 

ਜਦ ਕਦੇ ਉੱਠ ਉੱਠ ਬੈਠਦੀ ਹੋੰਵੇਗੀ

ਸੂਹੇ ਬੁਲ੍ਹ 

ਫਰਕਦੇ ਤਾਂ ਹੋਣਗੇ ਜਰੂਰ

ਜਦ ਕਦੇ ਮਿਲਣ ਲਈ 

ਗੀਤ ਕੋਈ ਛੂੰਹਦੀ ਹੋੰਵੇਗੀ 

ਸ਼ੀਸ਼ੇ ਮੂਹਰੇ ਖੜ੍ਹੀ ਵਾਲ ਵਾਉੰਦੀ

ਧੁਖਦੀ ਤਾਂ ਹੋਵੇਗੀ ਚਾਹਤ ਦੀ ਹਿੱਕ

ਜਦ ਕਦੇ ਲਾਉਂਦੀ ਹੋਵੇਗੀ

ਮਹਿੰਦੀ ਕੁਆਰੀਆਂ ਤਲੀਆਂ ਤੇ

ਅੰਗ ਪੁੱਛਦੇ ਤਾਂ ਹੋਣਗੇ 

ਕਿ ਕਦ ਆਉਣੀ ਹੈ 

ਰੁੱਤ ਵਟਣੇ ਦੀ 

ਲੂੰ ਲੂੰ ਨਵੇਂ ਖਿੜੇ ਚਾਵਾਂ ਨੂੰ ਵਿਰਾਉਣ ਲਈ 

ਰਾਹ ਤੱਕਦੇ ਤਾਂ ਹੋਣਗੇ 

ਕਿ ਕਦ ਕੋਈ ਲਵੇਗਾ ਸਾਰ 

ਹਿੱਕ ਤੇ ਲਟਕਦੀਆਂ ਸਜਰੀਆਂ ਰੀਝਾਂ ਦੀ 

ਯਾਦ ਆਉਂਦੀ ਤਾਂ ਹੋਵੇਗੀ 

ਹਰੇ ਘਾਹ ਤੇ ਪਈਆਂ ਰਹਿ ਗਈਆਂ 

ਸਿਸਕਦੀਆਂ ਲਾਰੇ ਕਸ਼ੀਦਦੀਆਂ 

ਰੁਮਕਦੀਆਂ ਪੌਣਾਂ ਦੀ 

ਸਾਹ ਰੁਕਦਾ ਤਾਂ ਹੋਵੇਗਾ 

ਤਰਿੜਾਂ ਤੋੜ ਤੋੜ ਮੁਸਕਰਾਉੰਦੇ 

ਪਲਾਂ ਦੇ ਇਤਹਾਸ ਲਈ 

📝 ਸੋਧ ਲਈ ਭੇਜੋ