ਨਾ ਬੋਲੇ ਚਾਹੇ, ਯਾਰ ਇਸ਼ਾਰਾ ਕਰ ਦੇਵੇ,

ਮੇਰਾ ਤਾਂ ਬੱਸ ਏਨੇ ਨਾਲ ਹੀ ਸਰ ਜਾਂਦਾ।

ਉਹ ਰਾਤ, ਉਹ ਬਾਤ ਮੇਰੀ ਅਮਰ ਹੋਜੇ,

ਜਿਸ ਦੇ ਉੱਤੇ ਯਾਰ ਹੁੰਗਾਰਾ ਭਰ ਜਾਂਦਾ।

ਮੈਂ ਬੇਸੁਰ, ਬੇਤਾਲ ਹਾਕਾਂ ਮਾਰ ਰਹੀ,

ਨਹੀਂ ਤਾਂ ਕਦੇ ਨਾ ਕਦੇ ਉਹ ਕੰਨ ਧਰ ਜਾਂਦਾ।

ਦੂਰ ਜਾਏ ਤਾਂ ਹਰ ਸ਼ੈਅ ਕੱਲਰ ਜਾਪਦੀ,

ਨੇੜੇ ਆਉਂਦਾ ਤਾਂ ਵੀ ਇਹ ਦਿਲ ਡਰ ਜਾਂਦਾ।

ਯਾਰ ਮੇਰੇ ਦੀ ਰਹਿਮਤ ਤੋਂ ਮੈਂ ਵਾਰੀ ਵੇ,

ਨਖ਼ਰੇ, ਨਾਜ਼, ਗੁਸਤਾਖੀ ਹੱਸ ਕੇ ਜਰ ਜਾਂਦਾ।

ਮੇਰੀ ਸੋਚ ਵੀ ਸ਼ਾਇਦ ਇੰਝ ਨਾ ਭਟਕਦੀ,

ਮੇਰਾ ਮਨ ਜੇ ਕਿਧਰੇ ਮੈਥੋਂ ਹਰ ਜਾਂਦਾ।

ਇਹ ਨਰਕ ਵਿਛੋੜੇ ਦਾ ਨਾ ਭੋਗਦੀ,

ਮੇਰੇ ਵਿੱਚੋ "ਮੰਡੇਰ" ਜੇ ਪਹਿਲਾਂ ਮਰ ਜਾਂਦਾ॥

📝 ਸੋਧ ਲਈ ਭੇਜੋ