ਯਾਤਨਾਵਾਂ ਦਾ ਅਜੇ ਪਹਿਲਾ ਪਹਿਰ

ਯਾਤਨਾਵਾਂ ਦਾ ਅਜੇ ਪਹਿਲਾ ਪਹਿਰ ਹੀ ਹੋਏਗਾ।

ਰਾਤ ਅੱਧੀ ਹੋਏਗੀ ਕੁਈ ਬਹੁਤ ਉੱਚੀ ਰੋਏਗਾ।

ਕੌਣ? ਬੇਗਾਨੇ ਦੀ ਬਾਬਤ ਅੱਧੀ ਰਾਤੀਂ ਰੋਏਗਾ,

ਦਿਲ ਅਤੇ ਹੰਝੂ ਦਾ ਰਿਸ਼ਤਾ ਲਾਜ਼ਮੀ ਕੁਈ ਹੋਏਗਾ।

ਸੁਪਨਿਆਂ ਦੀ ਭੀੜ ਨੇ ਨੀਂਦਰ ਚੁਰਾਈ ਏਸਦੀ,

ਇਹ ਸ਼ਖ਼ਸ ਹੱਸੇਗਾ ਵੀ ਤਾਂ ਹੱਸਦਾ ਹੱਸਦਾ ਰੋਏਗਾ।

ਰਿਸ਼ਤਿਆਂ ਦੇ ਜਮਘਟੇ ਵਿਚ ਮੈਂ ਤਾਂ ਲੀਰਾਂ ਹੋ ਗਿਆ,

ਇਕ ਮੇਰਾ ਜਿਸਮ ਹੈ ਇਹ ਕਿਸਦਾ ਕਿਸਦਾ ਹੋਏਗਾ।

ਇਕ ਨਦੀ ਹੈ ਰੇਤ ਦੀ ਪੈਰਾਂ 'ਚ ਸਾਡੇ ਵਿਛੀ,

ਕੌਣ ਪਾਣੀ ਪੀਏਗਾ, ਤੇ, ਕੌਣ ਅੱਖਾਂ ਧੋਏਗਾ।

ਦੌਰ ਆਇਆ ਹੈ ਨਵਾਂ ਲੱਗਦੈ ਸਿਵੇ ਕੁਝ ਠਰਨਗੇ,

ਦੀਪ ਸਾਂਝਾਂ ਦਾ ਘਰਾਂ ਵਿਚ ਫੇਰ ਜਗਦਾ ਹੋਏਗਾ।

📝 ਸੋਧ ਲਈ ਭੇਜੋ