ਤੜਕੇ ਦਾ ਪਹਿਰ ਯਾਦ ਸੱਜਣਾ ਦੀ ਆ ਗਈ ।
ਯਾਦ ਕਾਹਦੀ ਆਈ ਸਾਡੀ, ਜਿੰਦ ਤੜਫਾ ਗਈ ।
ਚਾਰੇ ਪਾਸੇ ਬਿਖਰੇ, ਲਫ਼ਜ਼ ਕੱਠੇ ਹੋਣ ਲੱਗੇ ।
ਕਲਮ ਵੱਲ ਭੱਜੇ ਨਾਲੇ, ਹਾਸੇ ਠੱਠੇ ਹੋਣ ਲੱਗੇ ।
ਰੌਲ਼ਾ ਪੈਂਦਾ ਵੇਖ ਕਵਿਤਾ ਵੀ ਭੱਜੀ ਆ ਗਈ ।
ਤੜਕੇ ਦਾ ਪਹਿਰ ਯਾਦ ਸੱਜਣਾ ਦੀ ਆ ਗਈ ।
ਯਾਦ ਕਾਹਦੀ..
ਯਾਦ ਜਦੋਂ ਆਈ, ਸੋਹਣਿਆ ਵੱਲ ਕੀਤਾ ਗ਼ੌਰ ਜੀ ।
ਸੋਚਿਆ ਕਿ ਸੱਜਣਾ ਕੱਢ ਰੱਖਿਆ ਹੋਣਾ ਟੌਹਰ ਜੀ ।
ਵੇਖਕੇ ਦਵਾਤ ਭੱਜੀ, ਸਿਆਹੀ ਭਰ ਪਿਆਸੀ ਵੱਲੇ ।
ਸਾਹੋ ਸਾਹ ਵੇਖੀ ਸਰਬ, ਕਵਿਤਾ ਜਦ ਗਾ ਰਹੀ ।
ਤੜਕੇ ਦਾ ਪਹਿਰ, ਯਾਦ ਸੱਜਣਾ ਦੀ ਆ ਗਈ ।
ਯਾਦ ਕਾਹਦੀ..
ਸੌਂਣ ਲੱਗੀ ਸੋਹਣਿਆ ਲਈ, ਸੁਫ਼ਨੇ ਸਜਾਇਆ ਸੀ ।
ਸੁਫ਼ਨੇ 'ਚ ਵੇਖਿਆ, ਬਰੂਹੇ ਸੋਹਣਾ ਆਇਆ ਜੀ ।
ਕਲਮ ਲਿਖਦੀ ਵੇਖ, ਵਰਕੇ ਨੇ ਮਨ ਭਰ ਲਿਆ ।
ਸਤਰਾਂ ਦੇ ਨਾਲ ਕਹਿੰਦਾ, ਮੈਂ ਵੀ ਲੋਕੋ ਤਰ ਗਿਆ ।
ਦੇਣ ਸੋਹਣੇ ਨੂੰ ਸਿੱਠਣੀਆਂ, ਰੌਣਕ ਉਹਨਾਂ ਲਾ ਲਈ ।
ਤੜਕੇ ਦੇ ਪਹਿਰ ਯਾਦ ਸੱਜਣਾ ਦੀ ਆ ਗਈ
ਯਾਦ ਕਾਹਦੀ..
ਯਾਦ ਉਹਦੀ ਤੜਫਾਇਆ, ਅੱਖਾਂ ਹੰਝੂ ਭਰ ਆਇਆ ।
ਕੋਈ ਵੇਖ ਕੇ ਨਾ ਹੱਸੇ, ਨੈਣਾਂ ਘੁੰਡ 'ਚ ਛੁਪਾਇਆ ।
ਸੰਗ ਸੰਗ 'ਸਰਬ', ਲਿਖੀ ਸਤਰਾਂ ਨੂੰ ਗਾਇਆ ।
ਕਦੇ ਮੇਲ ਵੀ ਕਰਾਊ, ਜਿਹਨੇ ਯਾਦਾਂ ਭਿਜਵਾਇਆ ।
ਕਰਦਾ ਉਹ ਵੀ ਹੋਣਾ ਯਾਦ, ਜਿਹੜੀ ਯਾਦ ਮੈਨੂੰ ਆ ਰਹੀ ।
ਤੜਕੇ ਦੇ ਪਹਿਰ ਯਾਦ ਸੱਜਣਾ ਦੀ ਆ ਗਈ ।
ਯਾਦ ਕਾਹਦੀ..