ਯਾਦ ਤੇਰੀ ਵਿਚ ਦਿਨ ਕਟ ਜਾਂਦਾ ਰੋ ਰੋ ਕਟਦੀ ਰਾਤ ।
ਹੰਝੂ ਬਣ ਕੇ ਵਸਦੀ ਰਹਿੰਦੀ ਅੱਖਾਂ ਚੋਂ ਬਰਸਾਤ ।
ਜਿਉਂਦੀ ਜਾਨੇ ਹਰ ਕੋਈ ਕਹਿੰਦਾ ਸਭ ਕੁਝ ਤੇਰਾ ਤੇਰਾ,
ਮਰਦੇ ਹੋਏ ਨੂੰ ਕੋਈ ਨਹੀਂ ਦਿੰਦਾ ਸਾਹਵਾਂ ਦੀ ਸੌਗ਼ਾਤ ।
ਉੱਚੀ ਸਾਹ ਵੀ ਲੈ ਨਹੀਂ ਸਕਦੇ ਸ਼ਹਿਰਾਂ ਦੇ ਵਸਨੀਕ,
ਚਾਰੇ ਪਾਸੇ ਬੰਧਣਾਂ ਲਾਈ ਚੋਰਾਂ ਵਾਂਗੂੰ ਝਾਤ ।
ਮਾਨ ਹੁਸਨ ਦਾ ਕਦੀ ਨਾ ਕਰੀਏ ਇਹ ਢਲਦਾ ਪਰਛਾਵਾਂ,
ਯੂਸਫ਼ ਦਾ ਮੁੱਲ ਅੱਟੀ ਪੈਂਦਾ ਤੇਰੀ ਕੀ ਔਕਾਤ ।
ਵਾਂਗ ਸ਼ਰੀਕਾਂ ਆਢਾ ਲਾਵੇਂ ਲੱਖਾਂ ਲੀਕਾਂ ਨਾਲ,
ਭੁੱਲ ਜਾਣਾ ਏ ਸੱਭੇ ਕੁਝ ਜਦ ਮੌਤ ਨੇ ਮਾਰੀ ਝਾਤ ।
ਦੁੱਖ ਵੰਡਾਵਣ ਵਾਲੇ 'ਸਦਫ਼' ਦੇਸੋਂ ਗਏ ਪਰਦੇਸ,
ਕਰ ਤਿਆਰੀ ਜਾਣ ਦੀ ਤੂੰ ਵੀ ਛੱਡ ਹੁਣ ਕਲਮ ਦਵਾਤ