ਯਾਰਾਂ ਵਾਂਗ ਰਹੀਏ
ਕੱਚ ਬਣ ਕੀ ਕਰਾਂਗੇ
ਐਂਵੇ ਕਿਤੇ ਤਿੜਕ ਮਰਾਂਗੇ
ਕੱਚ ਦੇ ਕਾਹਦੇ ਰਿਸ਼ਤੇ
ਕਾਹਦੀਆਂ ਯਾਰੀਆਂ
ਕਿਰਚਾਂ ਬਣ ਚੁਭਣ
ਨੀਂਦਾਂ ਦੇ ਖ਼ਾਬਾਂ ਵਿਚ
ਉਮਰ ਭਰ
ਹੱਥਾਂ 'ਚੋਂ ਡਿੱਗ ਕੇ ਟੁੱਟੇ ਕੱਪ ਵਾਂਗ
ਆਪਸ 'ਚ ਵੀ ਟੁੱਟ ਜਾਵਾਂਗੇ-
ਫਿਰ ਨਾ ਤੇਰੀ ਨਜ਼ਰ ਉੱਠਣੀ ਨਾ ਮੇਰੀ
ਤਾਰਿਆਂ ਵਾਂਗ ਕਿਰ ਜਾਵਾਂਗੇ
ਫਿਰ ਨਹੀਂ ਰਹਿ ਹੋਣਾ ਅਰਸ਼ 'ਤੇ
ਚੰਨ ਬਣ ਕੇ-
ਗੁੜ ਵਾਲੀ ਚਾਹ ਦੇ ਘੁੱਟਾਂ ਵਾਂਗ
ਪੀਈਏ ਦੋਸਤੀ ਨੂੰ
ਸਾਹਾਂ ਵਿਚ ਘੋਲੀਏ ਯਾਰੀ
ਇੱਕ ਦੂਸਰੇ ਦੀਆਂ ਪੈੜਾਂ ਲੱਭੀਏ
ਨੀਂਦ ਨਾ ਆਵੇ-
ਜੇ ਨਾ ਮਿਲੀਏ ਤਾਂ
ਭੁੱਖ ਦੀ ਖੋਹ ਵਾਂਗ
ਤੜਫ਼ੀਏ ਇੱਕ ਦੂਜੇ ਲਈ-
ਜੇ ਟੁੱਟ ਗਏ- ਇੱਕ ਦੂਜੇ ਤੋਂ
ਬਹੁਤ ਹੋਣਗੇ ਤਾਰੇ ਜ਼ਖ਼ਮੀ
ਇਸ ਵੇਲੇ ਨਾ ਛੇੜੀਏ ਬ੍ਰਹਿਮੰਡ ਨੂੰ
ਇਹ ਪਹਿਰ ਨਹੀਂ ਉਮਰਾਂ ਵਰਗੇ
ਦੋਸਤੀਆਂ ਜੇ ਹੋਣ
ਤਾਂ ਏਦਾਂ ਨਹੀਂ ਖੁਰਦੀਆਂ-
ਮੁਹੱਬਤ ਜੇ ਹੋਵੇ ਤਾਂ
ਇੰਝ ਨਹੀਂ ਭਟਕਦੀ
ਆਪਾਂ ਕਿਹੜੇ ਕੱਪ ਪਲੇਟਾਂ ਕੱਚਦੀਆਂ-
ਫਿਰ ਇੱਕ ਦੂਜੇ ਦੇ
ਘਰ ਵੱਲ ਵੀ ਦੇਖਣ ਜੋਗੇ ਨਹੀਂ ਰਹਾਂਗੇ
ਇੱਕ ਦੂਜੇ ਵੱਲ ਤੱਕਣਾ ਤਾਂ ਕੀ
ਫਿਰ ਪਰਛਾਂਵੇਂ ਵੱਲ ਵੀ ਨਹੀਂ ਝਾਕਣਾ
ਕਿਸੇ ਨੇ ਇੱਕ ਦੂਸਰੇ ਦੇ
ਇੰਝ ਹੁੰਦਾ ਹੈ
ਜੇ ਤਰੇੜ ਪੈ ਜਾਵੇ ਘੜ੍ਹੇ ਵਿਚ-
ਪਾਣੀ ਨੇ ਤਾਂ ਕੀ ਖੜ੍ਹਨਾ-
ਇਸ਼ਕ ਵੀ ਡੁੱਬ ਜਾਂਦੇ ਹਨ-
ਕੰਢਿਆਂ ਤੇ ਹੀ ਰਹਿ ਜਾਂਦੀਆਂ ਨੇ
ਤਰਦੀਆਂ ਇਸ਼ਕ ਕਹਾਣੀਆਂ-
ਬੂਹੇ ਬੰਦ ਹੋ ਜਾਂਦੇ ਹਨ
ਜੇ ਦੋਸਤੀਆਂ ਖ਼ੁਰ ਜਾਣ ਤਾਂ
ਕੋਈ ਨਹੀਂ ਉਡੀਕਦਾ ਕਿਸੇ ਨੂੰ
ਕਿਸੇ ਚੁਰਾਹੇ ਤੇ ਖੜ੍ਹ ਕੇ
ਇਸ ਸਮੇਂ ਇਤਿਹਾਸ ਨਾ ਫੋਲੀਏ
ਕੁਰਾਹੇ ਟੁਰ ਮੰਜ਼ਿਲ ਨਾ ਮਿਲਦੀ
'ਕੱਲਿਆਂ ਤਾਂ ਕਿੱਕਲੀ ਵੀ ਨਹੀਂ ਪੈਂਦੀ
ਵਾਰੀ ਦੇਣ ਲਈ ਯਾਰ ਨਹੀਂ ਲੱਭਦੇ-
ਰੁੱਖ ਮੋਢਾ ਕਦ ਦੇਣ ਆਉਂਦੇ-
ਟਾਹਣ ਬਾਹਵਾਂ ਨਾ ਬਣਦੀਆਂ-
ਕਿਹਨੂੰ ਉਡੀਂਕੇਗਾ ਤਾਸ਼ ਖੇਡਣ ਵੇਲ਼ੇ
ਕਿਹਦਾ ਕਰੇਂਗਾ ਇੰਤਜ਼ਾਰ
ਸ਼ਾਮ ਦੀ ਮਹਿਫ਼ਿਲ ਸਜਾਉਣ ਨੂੰ
ਕਿਹਨੂੰ ਘੱਲੇਂਗਾ ਤੋਹਫ਼ੇ
ਕਿਹਨੂੰ ਸੱਦੇਂਗਾ ਵਿਆਹ ਦੀ ਵਰ੍ਹੇ-ਗੰਢ 'ਤੇ
ਕਿਹਨੂੰ ਪਾਵੇਂਗਾ ਕਾਰਡ
ਪੁੱਤ ਦੇ ਵਿਆਹ ਦਾ
ਕਿਹੜੀ ਨੱਚੇਗੀ ਭਾਬੀ ਵਿਹੜੇ ਦਾ ਚਾਅ ਬਣਕੇ
ਕਿਹਦੇ ਨਾਲ ਮਿਲਾਏਂਗਾ ਪੈੱਗ ਭਰਿਆ ਹੰਝੂਆਂ ਦਾ
ਨਾ ਈਦ ਲਈ ਮੁਬਾਰਕ ਜਿਊਂਦੀ ਰਹੇਗੀ
ਨਾ ਹੀ ਹੋਲੀ ਦਿਵਾਲੀ ਲਈ ਸ਼ੁਭ ਕਾਮਨਾਵਾਂ
ਬਸ ਆਵੇਗੀ ਇੱਕ ਈਮੇਲ
ਤੇਰੀ ਜਾਂ ਮੇਰੀ-
ਜਾਂ ਵਟਸਅੱਪ ਤੇ ਸੁਨੇਹਾ-
ਪੜ੍ਹ ਲਵੀਂ ਬੈਠਾ ਇਕੱਲਾ-
ਕੋਲ ਪਏ ਮੱਛੀ ਦੇ ਪਕੌੜੇ
ਹੋ ਜਾਣਗੇ ਸੀਤ ਠੰਢੇ-
ਪੈੱਗ ਹੋ ਜਾਣਗੇ ਖਤਮ ਯਾਰੀ ਵਾਂਗ
ਪਰ ਉਹ ਸਰੂਰ ਨਹੀਂ ਆਉਣੇ-
ਜੋ ਕਦੇ ਬਿਨ ਪੀਤਿਆਂ ਆ ਜਾਂਦੇ ਸਨ-
ਲਵਲੀ ਪਿਆਲੇ ਵਰਗੇ
ਕਿਹਨੂੰ ਘੱਲੇਂਗਾ ਨਵੇਂ ਸਾਲ ਦਾ ਕਾਰਡ
ਤੇ ਕਾਜੂ ਵਾਲੀ ਬਰਫ਼ੀ-
ਓਦੋਂ ਯਾਦ ਆਵੇਗਾ
ਪਹਿਲੇ ਤੋੜ ਦੀ
ਘਰ ਦੀ ਕੱਢੀ ਦਾਰੂ ਵਰਗਾ ਯਾਰ
ਤੇ ਅੰਬਰ ਵਰਗੀ
ਪੁਰਾਣੀ ਘੁੱਟ ਕੇ ਪਾਈ ਜੱਫ਼ੀ ਦਾ ਸੁਆਦ
ਦੇਖੀਂ ਜ਼ਰਾ ਸੋਚਕੇ ਤੋੜੀਂ
ਦਿੱਲ ਨੇ ਚੰਦਰੇ
ਤਿੜਕੇ ਕਦੇ ਨਾ ਜੁੜਦੇ
ਫੁੱਲ ਨੇ -
ਟੁੱਟੇ ਨਹੀਂ ਲੱਗਦੇ ਡਾਲੀਆਂ ਨੂੰ ਫਿਰ ।