ਜ਼ਬਾਨਾਂ ਤੇ ਨੇ ਜ਼ੰਜੀਰਾਂ, ਤੇ ਮੂੰਹਾਂ ਉੱਤੇ ਤਾਲੇ ਨੇਂ

ਜ਼ਬਾਨਾਂ ਤੇ ਨੇ ਜ਼ੰਜੀਰਾਂ, ਤੇ ਮੂੰਹਾਂ ਉੱਤੇ ਤਾਲੇ ਨੇਂ,

ਬੜੀ ਵਾਰੀ ਏਹ ਦਿਨ ਸਾਨੂੰ, ਮੁਕੱਦਰ ਨੇ ਵਖਾਲੇ ਨੇਂ

ਸ਼ਹੀਦ ਹੋਏ ਹਜ਼ਾਰਾਂ, ਹੈ ਗਵਾਹ ਤਾਰੀਖ਼ ਇਸ ਗੱਲ ਦੀ,

ਅਸਾਡੇ ਦਿਨ ਤਦੇ ਹੀ ਅੱਜ, ਉਜਾਲੇ ਤੇ ਸੁਖਾਲੇ ਨੇਂ

ਏਹ ਦੁਨੀਆਂ ਦਾਲ ਵਿਚ ਕਾਲ਼ੇ ਤੇ, ਤਾਹੀਂ ਸ਼ੱਕ ਕਰਦੀ ਸੀ,

ਪਤਾ ਸੀ ਓਸ ਨੂੰ ਬੱਗੇ ਜੋ ਹਨ, ਅੰਦਰ 'ਚੋਂ ਕਾਲ਼ੇ ਨੇਂ

ਅਸਾਂ ਉਸਦੀ ਲਗਨ ਨੂੰ, ਐਸਰਾਂ ਦਿਲ ਪਿੰਜਰੇ ਪਾਇਐ,

ਕਿਸੇ ਸ਼ੌਕੀਨ ਨੇ ਅਜ ਤਕ, ਕਬੂਤਰ ਵੀ ਨਾ ਪਾਲੇ ਨੇਂ

ਅਸੀਂ ਇਸ ਦੇਸ਼ ਆਕੇ, ਐਸੇ ਦੋਰਾਹੇ ਖਲੋ ਗਏ ਹਾਂ,

ਅਗਾਂ੍ਹ ਟੁਰੀਏ ਨਦੀ ਨਾਲ਼ੇ, ਪਿਛਾਂਹ ਮੁੜੀਏ ਤੇ ਖਾਲ਼ੇ ਨੇਂ

ਜੋ ਹੜ੍ਹ ਅੱਖਾਂ ਚੋਂ ਫੁੱਟੇ ਹਨ, ਜ਼ਰੂਰੀ ਹੈ ਕੋਈ ਕਾਰਣ,

ਪਤਾ ਕੀਹ ਫਿਸ ਰਹੇ ਜਿਹੜੇ, ਮਿਰੇ ਜ਼ਖ਼ਮਾਂ ਦੇ ਛਾਲੇ ਨੇਂ

ਬੜੇ ਹਨ ਤਿਲਕਣੇਂ ਬਾਹਰੋਂ, ਬਥੇਰੇ ਖੋਭਵੇਂ ਵਿੱਚੋਂ,

ਜਵਾਨੀ ਦੇ ਭਰੇ ਦਿਨ, ਜਾਂਵਦੇ ਮੁਸ਼ਕਲ ਸੰਭਾਲੇ ਨੇਂ

ਤਿਰੇ ਸ਼ਹਿਰੋਂ ਨਿਕਲ ਕੇ, ਰੰਜ ਵੀ ਸੀ, ਪਰ ਸੀ ਮਜਬੂਰੀ,

ਬੜੇ ਇੱਜ਼ਤ ਤੇ ਗ਼ੈਰਤ ਦੇ, ਹੋਏ ਓਥੇ ਮੁਕਾਲੇ ਨੇਂ

ਅਸਾਂ ਆਕਾਸ਼ ਨੂੰ ਵੀ, ਰੋਣ ਤੇ ਮਜਬੂਰ ਕਰ ਦਿੱਤੈ,

ਜਦੋਂ ਨੀਰਾਂ ਦੇ ਦਰਿਆ, ਅੱਖੀਆਂ ਵਿਚੋਂ ਉਛਾਲੇ ਨੇਂ

ਫ਼ਕਤ ਦੋ ਚਾਰ ਹੀ ਪੁਛਦੇ ਨੇਂ, ਤੇਰਾ ਹਾਲ 'ਅਸ਼ਰਫ਼ ਗਿੱਲ",

ਬੜੇ ਹੀ ਲੋਕ ਓਸਰਾਂ ਤੇ, ਤਿਰੇ ਆਲ਼ੇ ਦਵਾਲ਼ੇ ਨੇ

📝 ਸੋਧ ਲਈ ਭੇਜੋ