ਜ਼ਰਾ ਥੱਕ ਗਿਆ ਹਾਂ
ਦੋ ਪਲ ਸਾਹ ਲੈ ਲਵਾਂ
ਆਹ ਲੈ ਮੇਰੇ ਪੈਰਾਂ ਦੇ ਘੁੰਗਰੂ
ਜਾਂਦੇ ਰਾਹੀਆਂ ਦੇ ਪੈਰਾਂ ਨੂੰ ਬੰਨ੍ਹ ਦੇ
ਮੰਜ਼ਿਲਾਂ ਲਿਖ ਦੇ ਉਹਨਾਂ ਦੇ ਪੱਬਾਂ 'ਤੇ
ਅਰਸ਼ ਤੱਕਣ ਲਈ
ਮੇਰੀਆਂ ਨਜ਼ਰਾਂ ਤਾਰਿਆਂ ਨੂੰ ਫੜਾ ਦੇ
ਹੱਥ ਹੱਕ ਮੰਗਦੇ ਹੱਥਾਂ ਨੂੰ ਦੇ ਦੇਵੀਂ
ਮੇਰੀ ਨਜ਼ਮ ਦੀ ਆਵਾਜ਼
ਟੁੱਕੀਆਂ ਜੀਭਾਂ 'ਤੇ ਧਰ ਆਵੀਂ
ਮੱਥੇ ਦੀ ਸੋਚ
ਚੁਆ ਆਵੀਂ ਮੁਸ਼ਕਤ ਕਰਦੀਆਂ
ਗੁਰਬਤ ਨਾਲ ਜੂਝਦੀਆਂ
ਬਸਤੀਆਂ ਦੀ ਕਾਲੀ ਗਲੀ ਵਿੱਚ
ਲੋਅ ਜੋ ਕਦੇ ਜਗਾਵੇਗੀ
ਸੁੱਤੇ ਸੂਰਜ ਨੂੰ
ਰਿਸ਼ਮਾਂ ਨਾਲ ਇਤਿਹਾਸ ਲਿਖਣ ਲਈ
ਜੋ ਅਜੇ ਮੇਰੇ ਬੱਚਿਆਂ ਨੇ ਪੜ੍ਹਨਾ ਹੈ
ਕਿਸੇ ਸਿਲੇਬਸ ਵਿਚ
ਟੰਗਣਾਂ ਹੈ ਕਿਸੇ ਅੰਬਰ ਦੀ ਦੀਵਾਰ 'ਤੇ
ਜ਼ਰਾ ਥੱਕ ਗਿਆ ਸੀ
ਦੋ ਪਲ ਸਾਹ ਲੈ ਲਵਾਂ
ਰਲਦਾ ਹਾਂ ਤੇਰੇ ਨਾਲ
ਕਾਫਲਾ ਜਰਾ ਵੱਡਾ ਕਰ ਲਈਏ
ਰਲ ਕੇ ਚੱਲੀ ਦਾ
ਮਿਲ ਕੇ ਲੜੀਦੇ ਨੇ ਯੁੱਧ