ਜ਼ਹਿਰ ਦੇਵੋ ਪੀਣ ਨੂੰ ਮੈਂ ਹੋਸ਼ ਦੀ ਬਹੁਤਾਤ ਹਾਂ।
ਕੱਲ੍ਹ ਵੀ ਸੁਕਰਾਤ ਸੀ ਮੈਂ ਅੱਜ ਵੀ ਸੁਕਰਾਤ ਹਾਂ।
ਬਾ ਖ਼ਬਰ ਹਾਂ, ਫੇਰ ਮੇਰੇ ’ਤੇ ਕੇਹਾ ਰਹਿਮੋ-ਕਰਮ,
ਚੇਤਨਾ ਦੀ ਅੱਖ ਹਾਂ ਮੈਂ ਰੌਸ਼ਨੀ ਦੀ ਬਾਤ ਹਾਂ।
ਚਮਕਣਾ ਮੇਰਾ ਮੁਕੱਦਰ, ਗਰਦਸ਼ਾਂ ਮੇਰਾ ਕਿਆਮ,
ਸੂਰਜਾਂ ਦੀ ਧੂੜ ਹਾਂ, ਮੈਂ ਤਾਰਿਆਂ ਦੀ ਬਾਤ ਹਾਂ।
ਧਰਮ, ਮਜ਼ਹਬ ਵਿੱਚ ਨਾ ਵੰਡਿਓ ਕਿਤੇ ਮੇਰਾ ਵਜੂਦ,
ਹਿੰਦੂਆਂ ਦੀ ਆਰਤੀ, ਮੈਂ ਮੁਸਲਮਾਂ ਦੀ ਨਾਅਤ ਹਾਂ।
ਦੌਲਤਾਂ ਇਹ ਧਨ ਤੇ ਹੂਰਾਂ, ਸਭ ਖਿਡੌਣੇ ਹਨ ਖਿਡੌਣੇ,
ਖਾਹਸ਼ਾਂ ਦਾ ਨ੍ਹੇਰ ਹੈ, ਮੈਂ ਨ੍ਹੇਰ ਵਿੱਚ ਪ੍ਰਭਾਤ ਹਾਂ।
ਸੌ ਰਹੇ ਨੇ ਚੰਨ, ਤਾਰੇ ਚਾਨਣੀ ਹੈ ਊਂਘਦੀ,
ਜੋ ਢਲੀ ਤੇਰੀ ਗਲੀ, ਮੈਂ ਹੌਕਿਆਂ ਦੀ ਰਾਤ ਹਾਂ।
ਨਾ ਮਿਰਾ ਘਰ, ਨਾ ਨਗਰ, ਨਾ ਨਾਮ ਕੋਈ ਦੇਸ਼ ਹੈ,
ਮੈਂ ਹਵਾ ਹਾਂ, ਮੈਂ ਖ਼ਲਾਅ ਵਿੱਚ ਭਟਕਦੀ ਹਯਾਤ ਹਾਂ।