ਜ਼ਿੰਦਗੀ ਭਰ ਝੱਲੀਆਂ ਦੁਸ਼ਵਾਰੀਆਂ

ਜ਼ਿੰਦਗੀ ਭਰ ਝੱਲੀਆਂ ਦੁਸ਼ਵਾਰੀਆਂ ।

ਪਰ ਕਦੇ ਮੈਂ ਹਿੰਮਤਾਂ ਨਾ ਹਾਰੀਆਂ ।

ਮੈਂ ਸਮਾਧੀ ਲਾਉਣ ਦੀ ਸੋਚਾਂ ਜਦੋਂ, 

ਮਾਰ ਦੇਵਣ ਵਾਜ ਜ਼ਿੰਮੇਵਾਰੀਆਂ ।

ਸਾਗਰਾਂ ਦਾ ਸਾਥ ਮਾਨਣ ਵਾਲੀਆਂ,

ਮਿੱਠੀਆਂ ਨਦੀਆਂ ਵੀ ਹੋਈਆਂ ਖਾਰੀਆਂ ।

ਭੁਖ, ਗਰੀਬੀ ਨਾ ਘਟੀ ਘਰ ਦੀ ਅਜੇ,

ਆਣ ਲੱਗੀਆਂ ਮਹਿੰਗੀਆਂ ਬੀਮਾਰੀਆਂ ।

ਜੇ ਅਕਲ ਦਾ ਜ਼ੋਰ ਚੱਲਦਾ ਇਸ਼ਕ ਤੇ,

ਲਾਉਣ ਦਿੰਦੀ ਨਾ ਝਨਾਂ ਵਿਚ ਤਾਰੀਆਂ ।

ਬਿਰਖ ਜੰਗਲ ਦੇ ਉਲਾਂਭਾ ਦੇ ਰਹੇ, 

ਮੀਂਹ ਨੇ ਸਾਡੇ ਚੋਂ ਨਾ ਅੱਗਾਂ ਠਾਰੀਆਂ ।

ਪਾਂਧੀਆਂ ਨੂੰ ਤਾਂ ਸਫ਼ਰ ਨੇ ਮੋਹ ਲਿਆ, 

ਭੁੱਲ ਗਈਆਂ ਮੰਜ਼ਿਲਾਂ ਹੀ ਸਾਰੀਆਂ ।

ਆਪਣੀ ਮਿੱਟੀ ਚ ਮਿੱਟੀ ਹੋ ਗਏ, 

ਲੋਕ ਮਿੱਟੀ ਨਾਲ ਲਾ ਕੇ ਯਾਰੀਆਂ ।

ਓਸ ਘਰ ਵਿਚ ਰੱਬ ਖੇਲਣ ਆ ਗਿਆ,

ਗੂੰਜ ਜਿੱਥੇ ਪੈਂਦੀਆਂ ਕਿਲਕਾਰੀਆਂ ।

ਬਹਿ 'ਅਮਨ' ਤੋਂ ਮੁੱਲ ਪੁੱਛੀਂ ਜੰਗ ਦਾ,

ਜਿਸ ਨੇ ਹੱਥੀਂ ਕੀਮਤਾਂ ਨੇ ਤਾਰੀਆਂ ।

📝 ਸੋਧ ਲਈ ਭੇਜੋ