ਜ਼ਿੰਦਗੀ ਦੇ ਸਫ਼ਰ ਵਿਚ ਨਿਰੇ ਮਸਅਲੇ

ਜ਼ਿੰਦਗੀ ਦੇ ਸਫ਼ਰ ਵਿਚ ਨਿਰੇ ਮਸਅਲੇ ।

ਪੇਸ਼ ਆਉਂਦੇ ਨੇ ਹਰ ਪੈਰ ਤੇ ਮਸਅਲੇ ।

ਸਾਡੇ ਸਿਰ ਤੇ ਨਵੀਂ ਕੋਈ ਬਿਪਤਾ ਨਹੀਂ,

ਸਾਨੂੰ ਵਿਰਸੇ ਦੇ ਵਿਚ ਈ ਮਿਲੇ ਮਸਅਲੇ ।

ਹੱਲ ਹੋ ਵੀ ਗਿਆ ਜੇ ਕੋਈ ਮਸਅਲਾ,

ਹੋਰ ਵੀ ਹੋ ਗਏ ਦੋ ਖੜ੍ਹੇ ਮਸਅਲੇ । 

ਖੇਡ ਬਾਲਾਂ ਦੀ ਨਈਂ ਇਹ ਮੁਹੱਬਤ ਕੋਈ,

ਏਸ ਰਸਤੇ ਦੇ ਵਿਚ ਨੇ ਬੜੇ ਮਸਅਲੇ ।

ਦਰਦ ਵੰਡਾਂ ਕਿਸੇ ਦੇ ਮੈਂ ਕਿਸਰਾਂ ਭਲਾ,

ਮੇਰੇ ਆਪਣੇ ਬੜੇ ਨੇ ਅਜੇ ਮਸਅਲੇ ।

ਮੇਰੀ ਮੁਸ਼ਕਿਲ ਅਜੀਬ ਮੋੜ ਤੇ ਆ ਗਈ,

ਮੈਂ ਘਟਾਂਦਾ ਰਿਹਾ ਵਧ ਗਏ ਮਸਅਲੇ ।

ਜੋ ਵੀ ਔਕੜ ਸੀ'ਆਦਿਲ' ਉਹ ਔਕੜ ਰਹੀ,

ਸਾਰੇ ਉਵੇਂ ਦੇ ਉਵੇਂ ਰਹੇ ਮਸਅਲੇ ।

📝 ਸੋਧ ਲਈ ਭੇਜੋ