ਜ਼ਿੰਦਗੀ ਦਿਨ ਹੈ ਕਿ ਯਾਰੋ ਰਾਤ ਹੈ?
ਜੋ ਵੀ ਹੈ ਸੋ ਹੈ, ਮਗਰ ਕਿਆ ਬਾਤ ਹੈ।
ਲੜਕੀਆਂ ਜੋਤਾਂ ਦੇ ਵਾਂਗੂ ਜਗਦੀਆਂ,
ਜ਼ਿੰਦਗੀ ਫੱਕਰ ਦੀ ਗਾਈ ਨਾਅਤ ਹੈ।
ਇਸ ਨਦੀ 'ਚੋਂ ਹੋਇਗਾ ਸੂਰਜ ਉਦੈ,
ਇਸ ਨਦੀ ਦੀ ਆਪਣੀ ਪ੍ਰਭਾਤ ਹੈ।
ਵੇਖਿਆ ਕਰ ਏਸ ਸ਼ੀਸ਼ੇ ਨੂੰ ਵੀ ਤੂੰ,
ਏਸ ਦਾ ਪਾਣੀ ਪ੍ਰਭ ਦੀ ਦਾਤ ਹੈ।
ਮੈਂ ਤਾਂ ਰੇਗਿਸਤਾਨ ਹਾਂ, ਵੀਰਾਨ ਹਾਂ,
ਪੈਰ ਸਾੜਨ ਆਈ ਕਿਉਂ ਬਰਸਾਤ ਹੈ?
ਜਿਸ ਗਲੀ 'ਚੋਂ ਲੰਘਣਾ ਹੈ ਜ਼ਿੰਦਗੀ ਨੇ,
ਮੌਤ ਉਸ ਵਿਚ ਲਾ ਕੇ ਬੈਠੀ ਘਾਤ ਹੈ।