ਜ਼ਿੰਦਗੀ ਇਕਸਾਰ ਸੀ ਪਿਛਲੇ ਦਿਨੀਂ

ਜ਼ਿੰਦਗੀ ਇਕਸਾਰ ਸੀ ਪਿਛਲੇ ਦਿਨੀਂ ।

ਮਹਿਕਦੀ ਗੁਲਜ਼ਾਰ ਸੀ ਪਿਛਲੇ ਦਿਨੀ।

ਹਰ ਕਿਸੇ ਨੂੰ ਆਪਣੇ ਜਾਂ ਗ਼ੈਰ 'ਤੇ, 

ਬਹੁਤ ਹੀ ਇਤਬਾਰ ਸੀ ਪਿਛਲੇ ਦਿਨੀਂ ।

ਆਪਦਾ ਕਰਦਾ ਮਸੀਹਾ ਕੀ ਇਲਾਜ ?

ਉਹ ਤਾਂ ਖ਼ੁਦ ਬੀਮਾਰ ਸੀ ਪਿਛਲੇ ਦਿਨੀਂ ।

ਰਾਹਬਰ ਹੁਣ ਬਣ ਗਿਆ ਹੈ ਉਹ ਬਸ਼ਰ,

ਜੋ ਬਸ਼ਰ ਰਾਹਮਾਰ ਸੀ ਪਿਛਲੇ ਦਿਨੀਂ।

ਰੰਗਲੇ ਸੁਪਨੇ, ਗੁਲਾਬੀ ਰਾਤ-ਦਿਨ,

ਸਭ ਅਸਾਂ ਦੇ ਯਾਰ ਸੀ ਪਿਛਲੇ ਦਿਨੀਂ ।

ਆਪਦੇ ਆਉਣ 'ਤੇ ਸਾਰਾ ਲਹਿ ਗਿਆ, 

ਦਿਲ 'ਤੇ ਜਿੰਨਾ ਭਾਰ ਸੀ ਪਿਛਲੇ ਦਿਨੀਂ । 

ਦੂਜਿਆਂ ਦੀ ਮੁਸਕਰਾਹਟ ਖੋਹ ਲਵੇ,

ਕਿਸ ਨੂੰ ਇਹ ਅਧਿਕਾਰ ਸੀ ਪਿਛਲੇ ਦਿਨੀਂ ? 

ਹੋਰ ਕਹਿੰਦੇ ਹਾਂ ਤੇ ਇਹ ਕਰਦਾ ਏ ਹੋਰ, 

ਵਕਤ ਕਹਿਣੇਕਾਰ ਸੀ ਪਿਛਲੇ ਦਿਨੀਂ ।

ਸਿਸਕਦੇ ਨੇ ਫੁੱਲ-ਪੱਤੀਆਂ ਬਾਗ਼ ਵਿਚ, 

ਕੌਣ ਪਹਿਰੇਦਾਰ ਸੀ ਪਿਛਲੇ ਦਿਨੀਂ ? 

ਬੇ-ਖ਼ਬਰ ਰਹਿੰਦੇ ਸੀ ਦੁਨੀਆਂ ਤੋਂ ਅਸੀਂ, 

ਪਿਆਰ ਹੀ ਬੱਸ ! ਪਿਆਰ ਸੀ ਪਿਛਲੇ ਦਿਨੀਂ । 

ਬਹੁਤ ਹੀ ਮੁਸ਼ਕਿਲ ਉਹ ਮੈਂ ਤੋੜੀ ਹੈ ਜੋ, 

ਸ਼ੱਕ ਦੀ ਦੀਵਾਰ ਸੀ ਪਿਛਲੇ ਦਿਨੀਂ ।

ਤਿੜਕ ਚੁੱਕਾ ਹੈ ਉਹ ਅਪਣੇ ਆਪ ਵਿਚ, 

ਜੋ ਬਸ਼ਰ ਤਲਵਾਰ ਸੀ ਪਿਛਲੇ ਦਿਨੀਂ । 

ਹੁਣ ਉਹ ਮੈਨੂੰ ਦੇ ਰਿਹਾ ਹੈ ਗ਼ਮ ਹੀ ਗ਼ਮ, 

ਜੋ ਮੇਰਾ ਗ਼ਮਖਾਰ ਸੀ ਪਿਛਲੇ ਦਿਨੀਂ । 

ਖੂਬ ਸੌਂਦੀ ਸੀ ਇਹ ਲੰਮੀਆਂ ਤਾਣ ਕੇ, 

ਖੁਸ਼ ਬੜੀ ਸਰਕਾਰ ਸੀ ਪਿਛਲੇ ਦਿਨੀਂ। 

ਫ਼ਸਲ ਦੇਖੀ ਉਸ ਜਗ੍ਹਾ ਗੀਤਾਂ ਦੀ ਮੈਂ, 

ਜਿਸ ਜਗ੍ਹਾ ਅੰਗਿਆਰ ਸੀ ਪਿਛਲੇ ਦਿਨੀਂ।

ਸੌ ਛੁਪਾ ਲੋਕਾਂ ਨੂੰ 'ਇਕਵਿੰਦਰ’ ਪਤਾ, 

ਜੋ ਤੇਰਾ ਕਿਰਦਾਰ ਸੀ ਪਿਛਲੇ ਦਿਨੀਂ।

📝 ਸੋਧ ਲਈ ਭੇਜੋ