ਜ਼ੋਰ ਲਗਾ ਕੇ ਥੱਕ ਗਏ ਦਰਿਆ, ਨਦੀਆਂ ਰਹਿ ਗਈਆਂ!
ਪਾਣੀ ਲੱਭਣ ਹਾਰੀਆਂ ਅੱਖੀਆਂ, ਟੱਡੀਆਂ ਰਹਿ ਗਈਆਂ!!
ਕੁਦਰਤ ਨੇ ਕੋਈ ਕਸਰ ਨਾ ਛੱਡੀ, ਲੋਕਾਂ ਜ਼ੋਰ ਲਗਾਏ,
ਫੇਰ ਵੀ ਪੱਲੇ ਖ਼ਾਲੀ ਝੋਲੀਆਂ, ਅੱਡੀਆਂ ਰਹਿ ਗਈਆਂ ।
ਮਹਿਲ ਦੁਮਹਿਲੇ ਸੱਧਰਾਂ ਵਾਲੇ, ਆਖ਼ਰ ਸੱਭੇ ਡਿੱਠੇ,
ਕਿਧਰ ਜਾਵਣ ਆਸਾਂ ਦਿਲ ਚੋਂ ਕੱਢੀਆਂ ਰਹਿ ਗਈਆਂ ।
ਉੱਭੜ ਵਾਹੇ ਫਿਰਦਾ ਸਾਂ ਮੈਂ, ਵਕਤ ਬੜਾ ਸੀ ਥੋੜਾ,
ਜਿਹੜੀਆਂ ਥਾਵਾਂ ਛੱਡੀਆਂ ਗਈਆਂ, ਛੱਡੀਆਂ ਰਹਿ ਗਈਆਂ ।
ਅੱਗੇ ਵਰਗੇ ਰੌਣਕ ਮੇਲੇ, ਸਾਡੇ ਦਿਲ ਵਿੱਚ ਕਿੱਥੇ,
ਸਾਰੇ ਪਾਂਧੀ ਟੁਰ ਗਏ ਖ਼ਾਲੀ, ਗੱਡੀਆਂ ਰਹਿ ਗਈਆਂ ।
ਆਖ਼ਰ ਇਕ ਦਿਨ ਇਹ ਵੀ 'ਆਸ਼ਿਕ'ਦਿਲੋਂ ਵਿਸਾਰ ਦਵਾਂਗੇ,
ਬਹੁਤੀਆਂ ਰੀਝਾਂ ਭੁੱਲੀਆਂ ਇਕ ਦੋ, ਵੱਡੀਆਂ ਰਹਿ ਗਈਆਂ ।