ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਦਾਦੀ ਤੋਂ ਵਿਦਾਇਗੀ ਦੇ ਨਾਂ

ਦਾਦੀਏ ! ਅੰਮੀਏ ! !

ਅਸੀਂ ਅੱਜ ਤੇਰੇ ਮਹਿਮਾਨ

ਅਸੀਂ ਹਾਂ ਜਗਾਉਣ ਚੱਲੇ ਇੱਟਾਂ ਦਿਆਂ ਦਿਲਾਂ ਵਿਚ,

ਮਮਤਾ ਦਾ ਵਰਦਾਨ

ਸਾਂਭੀ ਤਾਂ ਰੱਖਣ ਤੇਰੇ ਬਾਗ਼ ਦੇ ਬਗੀਚੜੇ

ਸਦੀਆਂ ਦੀ ਖੁਸ਼ਬੋ

ਬੰਨ੍ਹ ਬੰਨ੍ਹ ਪੰਡਾਂ ਅਸੀਂ ਆਪਣਿਆਂ ਸਿਰਾਂ ਨਾਲ,

ਮਹਿਕਾਂ ਸਭ ਲੈਣੀਆਂ ਨੇ ਢੋਅ

ਤੇਰੀਆਂ ਬਰੂਹਾਂ ਉਤੋਂ ਕਵੀਆਂ ਨੂੰ ਲੱਭਣੇ ਨੇ,

ਕਵਿਤਾ ਦੇ ਅਨੁਵਾਨ

ਅਸੀਂ ਅੱਜ ਤੇਰੇ ਮਹਿਮਾਨ

ਆਪਣਿਆਂ ਪਿੰਡਿਆਂ 'ਤੇ ਵੇਖਣਾ ਪਰਖ ਕੇ ਹੈ,

ਜ਼ਾਲਮਾਂ ਤੇ ਜ਼ੁਲਮਾਂ ਦਾ ਸੇਕ

ਕਿਵੇਂ ਤਲਵਾਰਾਂ ਦੀਆਂ ਛਾਵਾਂ ਹੇਠ ਗੂੰਜਦੀ ਹੈ,

ਕਿਸੇ ਕੈਦੀ ਸੂਰਮੇ ਦੀ ਹੇਕ

ਕਾਲਿਆਂ ਕੇਸਾਂ ਦੇ ਨਾਲ ਰੱਖ ਕੇ ਵਿਖਾਉਣੀ,

ਤੇਰੇ ਦੁਧ ਚਿੱਟਿਆਂ ਦੀ ਸ਼ਾਨ

ਅਸੀਂ ਅੱਜ ਤੇਰੇ ਮਹਿਮਾਨ

ਆਏ ਸਾਲ ਕਿਹੜਾ ਤਾਂ ਚੁਰਾਏ ਸਾਡੇ ਖੇਤਾਂ ਵਿਚੋਂ,

ਪੈਲੀਆਂ ਦੇ ਮੱਥੇ ਦਾ ਗ਼ਰੂਰ

ਲੋਕਾਂ ਦੀਆਂ ਸਧਰਾਂ ਦਾ ਖ਼ੂਨ ਅਸੀਂ ਰੋਕਣਾ ਏਂ,

ਪਰ ਅਸੀਂ ਖ਼ੂਨ ਡੋਲ੍ਹਣਾ ਜ਼ਰੂਰ

ਜ਼ਾਲਮਾਂ ਦੇ ਪੈਰਾਂ ਨਾਲ ਅਸੀਂ ਨਹੀਂ ਹੋਣ ਦੇਣਾ,

ਪੈਹਿਆਂ ਦਾ ਅਪਮਾਨ

ਦਾਦੀਏ !ਅੰਮੀਏ ! !

ਅਸੀਂ ਅੱਜ ਤੇਰੇ ਮਹਿਮਾਨ

ਅਸੀਂ ਹਾਂ ਜਗਾਉਣ ਚੱਲੇ ਇੱਟਾਂ ਦਿਆਂ ਦਿਲਾਂ ਵਿਚ,

ਮਮਤਾ ਦਾ ਵਰਦਾਨ

📝 ਸੋਧ ਲਈ ਭੇਜੋ