ਇੱਕ ਜੰਗਲ ਵਿੱਚ ਬਹੁਤ ਸਾਰੇ ਪਸ਼ੂ-ਪੰਛੀ ਪਿਆਰ ਨਾਲ ਇਕੱਠੇ ਰਹਿੰਦੇ ਸਨ। ਇੱਕ ਦਿਨ ਇੱਕ ਖੂੰਖਾਰ ਸ਼ੇਰ ਉਸ ਜੰਗਲ ਵਿੱਚ ਆਇਆ। ਸ਼ੇਰ ਦੇ ਆਉਂਦਿਆਂ ਹੀ ਜੰਗਲ ਦੇ ਸੁੱਖ-ਚੈਨ ਅਤੇ ਸ਼ਾਂਤੀ ਨੂੰ ਤਾਂ ਜਿਵੇਂ ਨਜ਼ਰ ਹੀ ਲੱਗ ਗਈ। ਸ਼ੇਰ ਜੰਗਲ ਵਿੱਚ ਮਰਜ਼ੀ ਨਾਲ ਸ਼ਿਕਾਰ ਕਰਦਾ, ਕੁਝ ਜਾਨਵਰਾਂ ਨੂੰ ਖਾਂਦਾ ਤੇ ਕੁਝ ਨੂੰ ਮਾਰ ਕੇ ਸੁੱਟ ਦਿੰਦਾ। ਹੌਲੀ-ਹੌਲੀ ਜੰਗਲ ਵਿੱਚ ਜਾਨਵਰਾਂ ਦੀ ਗਿਣਤੀ ਘੱਟ ਹੋਣ ਲੱਗੀ। ਸਾਰੇ ਜਾਨਵਰ ਡਰੇ-ਸਹਿਮੇ ਆਪਣੇ-ਆਪਣੇ ਘਰਾਂ ਵਿੱਚ ਵੜੇ ਰਹਿੰਦੇ। ਇੱਕ ਦਿਨ ਜਦੋਂ ਸ਼ੇਰ ਗੁਫ਼ਾ ਦੇ ਵਿੱਚ ਸੌਂ ਰਿਹਾ ਸੀ, ਉਦੋਂ ਸਾਰੇ ਜਾਨਵਰਾਂ ਨੇ ਬੈਠਕ ਕੀਤੀ ਕਿ ਸ਼ੇਰ ਤੋਂ ਕਿਵੇਂ ਬਚਿਆ ਜਾਵੇ?
ਰੁੱਖ 'ਤੇ ਇੱਕ ਬਜ਼ੁਰਗ ਕਾਂ ਵੀ ਬੈਠਾ ਸੀ। ਉਸਨੇ ਕਿਹਾ, "ਬਹੁਤ ਪਹਿਲਾਂ ਦੀ ਗੱਲ ਹੈ ਇੱਕ ਵਾਰ ਇਸੇ ਤਰ੍ਹਾਂ ਦਾ ਸੰਕਟ ਸਾਡੇ ਪਸ਼ੂ-ਪੰਛੀਆਂ 'ਤੇ ਆਇਆ ਸੀ, ਉਦੋਂ ਇੱਕ ਖਰਗੋਸ਼ ਨੇ ਸਾਨੂੰ ਸਭ ਨੂੰ ਬਚਾਇਆ ਸੀ।" ਉੱਥੇ ਹਾਜ਼ਰ ਹੋਰ ਵੀ ਬਹੁਤ ਸਾਰੇ ਜਾਨਵਰਾਂ ਨੇ ਸ਼ੇਰ ਤੋਂ ਖਰਗੋਸ਼ ਦੇ ਬਚਾਉਣ ਵਾਲੀ ਕਹਾਣੀ ਸੁਣੀ ਸੀ, ਉਨ੍ਹਾਂ ਵੀ ਕਾਂ ਦੀ ਹਾਂ ਵਿੱਚ ਹਾਂ ਮਿਲਾਈ।
ਹੁਣ ਸਾਰੇ ਜਾਨਵਰਾਂ ਦੀ ਨਜ਼ਰ ਅਕਲਮੰਦ ਸਫੈਦੂ ਖਰਗੋਸ਼ 'ਤੇ ਸੀ। ਉਹ ਸਭ ਉਹਦੇ ਅੱਗੇ ਹੱਥ ਜੋੜਨ ਲੱਗੇ ਅਤੇ ਬੇਨਤੀ ਕਰਨ ਲੱਗੇ ਕਿ ਇਸ ਵਾਰ ਵੀ ਸਾਨੂੰ ਬਚਾਉਣ ਲਈ ਕੋਈ ਤਰਕੀਬ ਲਾਉ। ਅਸੀਂ ਸਾਰੇ ਤੁਹਾਡਾ ਉਪਕਾਰ ਕਦੇ ਨਹੀਂ ਭੁੱਲਾਂਗੇ। ਜਾਨਵਰਾਂ ਦਾ ਇਸ ਤਰ੍ਹਾਂ ਖਰਗੋਸ਼ ਜਾਤੀ 'ਤੇ ਵਿਸ਼ਵਾਸ ਦੇਖਦਿਆਂ ਹੋਇਆਂ ਅਤੇ ਉਨ੍ਹਾਂ ਨੂੰ ਹੱਥ ਜੋੜਦਿਆਂ ਦੇਖ ਕੇ ਸਫੈਦੂ ਦੀਆਂ ਅੱਖਾਂ 'ਚ ਹੰਝੂ ਆ ਗਏ। ਉਸਨੂੰ ਨਹੀਂ ਪਤਾ ਸੀ ਕਿ ਉਹ ਸ਼ੇਰ ਤੋਂ ਉਨ੍ਹਾਂ ਨੂੰ ਕਿਵੇਂ ਬਚਾਏਗਾ ਪਰ ਫਿਰ ਉਸਨੇ ਸਭ ਨਾਲ ਵਾਅਦਾ ਕੀਤਾ ਕਿ ਉਹ ਕੋਈ ਨਾ ਕੋਈ ਉਪਾਅ ਜ਼ਰੂਰ ਸੋਚੇਗਾ। ਇਸ ਤਰ੍ਹਾਂ ਬੈਠਕ ਖ਼ਤਮ ਹੋ ਗਈ।
ਜੰਗਲ ਦੀ ਸੁੱਖ-ਸ਼ਾਂਤੀ ਫਿਰ ਕਿਵੇਂ ਵਾਪਸ ਲਿਆਂਦੀ ਜਾਵੇ ਤੇ ਸ਼ੇਰ ਤੋਂ ਕਿਵੇਂ ਛੁਟਕਾਰਾ ਪਾਈਏ, ਇਹ ਸੋਚ ਕੇ ਸਫੈਦੂ ਖਰਗੋਸ਼ ਨੂੰ ਸਾਰੀ ਰਾਤ ਨੀਂਦ ਨਾ ਆਈ। ਉਸਨੇ ਪੁਰਾਣੀ ਯੁਕਤੀ ਲਾਉਣੀ ਚਾਹੀ ਅਤੇ ਕਿਸੇ ਬਹਾਨੇ ਸ਼ੇਰ ਨੂੰ ਖੂਹ 'ਤੇ ਬੁਲਾ ਕੇ ਉਸਨੂੰ ਖੂਹ ਵਿੱਚ ਇੱਕ ਹੋਰ ਸ਼ੇਰ ਹੋਣ ਦੀ ਗੱਲ ਦੱਸੀ ਪਰ ਸ਼ੇਰ ਨੇ ਆਪਣੇ ਬਜ਼ੁਰਗਾਂ ਦੇ ਬੇਵਕੂਫ਼ ਬਣ ਜਾਣ ਦੀ ਗੱਲ ਸੁਣੀ ਹੋਈ ਸੀ। ਉਹ ਇਸ ਤਰ੍ਹਾਂ ਦੇ ਬਹਿਕਾਵੇ ਵਿੱਚ ਨਾ ਆਇਆ।
ਇੱਕ ਦਿਨ ਦੁਪਹਿਰੇ ਖਰਗੋਸ਼ ਰੁੱਖ ਦੇ ਥੱਲੇ ਆਪਣੀ ਖੁੱਡ ਵਿੱਚ ਬੈਠਾ ਸੀ, ਉਦੋਂ ਉਸਨੂੰ ਰੁੱਖ 'ਤੇ ਕੁਝ ਘੁਸਰ-ਮੁਸਰ ਸੁਣੀ। ਖਰਗੋਸ਼ ਨੇ ਕੰਨ ਲਾ ਕੇ ਸੁਣਿਆ ਕਿ ਰੁੱਖ 'ਤੇ ਬੈਠੇ ਦੋ ਵਿਅਕਤੀ ਆਪਸ ਵਿੱਚ ਗੱਲਾਂ ਕਰ ਰਹੇ ਸਨ। ਇੱਕ ਬੋਲਿਆ, "ਮੈਂ ਜੰਗਲ ਵਿੱਚ ਪਹਿਲਾਂ ਕਈ ਵਾਰ ਸ਼ੇਰ ਦੇ ਸ਼ਿਕਾਰ ਲਈ ਆਇਆ ਹਾਂ ਪਰ ਇੱਥੇ ਕਦੇ ਵੀ ਸ਼ੇਰ ਦਿਖਾਈ ਨਹੀਂ ਦਿੱਤਾ।" ਫਿਰ ਦੂਜਾ ਵਿਅਕਤੀ ਬੋਲਿਆ, "ਹਾਂ ਬਹੁਤ ਸਮਾਂ ਹੋ ਗਿਆ, ਮੈਨੂੰ ਵੀ ਇਹ ਲੱਗਦਾ ਹੈ ਕਿ ਇਸ ਜੰਗਲ ਵਿੱਚ ਸ਼ੇਰ ਨਹੀਂ ਹੈ, ਚੱਲੋ ਵਾਪਸ ਚੱਲਦੇ ਹਾਂ।" ਦੋਵਾਂ ਵਿਅਕਤੀਆਂ ਦੀ ਗੱਲ ਸੁਣ ਕੇ ਖਰਗੋਸ਼ ਸਮਝ ਗਿਆ ਕਿ ਉਹ ਸ਼ਿਕਾਰੀ ਹਨ ਅਤੇ ਜੰਗਲ ਵਿੱਚ ਸ਼ੇਰ ਦੇ ਸ਼ਿਕਾਰ ਲਈ ਆਏ ਹਨ।
ਖਰਗੋਸ਼ ਨੂੰ ਪਤਾ ਸੀ ਕਿ ਸ਼ੇਰ ਦੀ ਗੁਫ਼ਾ ਇੱਥੋਂ ਦੂਰ ਹੈ ਅਤੇ ਇਸ ਸਮੇਂ ਉਹ ਆਪਣੀ ਗੁਫ਼ਾ ਵਿੱਚ ਸੁੱਤਾ ਹੁੰਦਾ ਹੈ। ਖਰਗੋਸ਼ ਸੋਚ ਰਿਹਾ ਸੀ ਕਿ ਸ਼ੇਰ ਨੂੰ ਨੀਂਦ 'ਚੋਂ ਜਗਾ ਕੇ ਇਨ੍ਹਾਂ ਸ਼ਿਕਾਰੀਆਂ ਦੇ ਸਾਹਮਣੇ ਕਿਵੇਂ ਲਿਆਂਦਾ ਜਾਵੇ। ਉਦੋਂ ਉਸਨੂੰ ਕੋਲ ਹੀ ਇੱਕ ਚੂਹਾ ਦਿਖਾਈ ਦਿੱਤਾ। ਚੂਹੇ ਨੂੰ ਦੇਖ ਕੇ ਜਲਦੀ ਹੀ ਖਰਗੋਸ਼ ਦੇ ਦਿਮਾਗ ਵਿੱਚ ਯੁਕਤ ਆਈ। ਉਸਨੇ ਚੂਹੇ ਦੇ ਕੰਨ ਵਿੱਚ ਕੁਝ ਕਿਹਾ ਅਤੇ ਚੂਹੇ ਨੂੰ ਨਾਲ ਲੈ ਕੇ ਸ਼ੇਰ ਦੀ ਗੁਫ਼ਾ ਕੋਲ ਪਹੁੰਚਿਆ। ਖਰਗੋਸ਼ ਨੇ ਕੁਝ ਸਮਝਾਉਦਿਆਂ ਹੋਇਆਂ ਚੂਹੇ ਨੂੰ ਸ਼ੇਰ ਦੀ ਗੁਫ਼ਾ ਦੇ ਅੰਦਰ ਭੇਜ ਦਿੱਤਾ।
ਚੂਹਾ ਗੁਫ਼ਾ ਦੇ ਅੰਦਰ ਪਹੁੰਚਿਆ ਅਤੇ ਸੁੱਤੇ ਹੋਏ ਸ਼ੇਰ ਨੂੰ ਤੰਗ ਕਰਨ ਲੱਗਾ। ਉਹ ਕਦੇ ਸ਼ੇਰ ਦੀ ਮੁੱਛ ਦੇ ਵਾਲ ਖਿੱਚਦਾ ਤੇ ਕਦੇ ਉਸਦੇ ਕੁਤਕੁਤਾਰੀ ਕੱਢਦਾ। ਚੂਹੇ ਦੀਆਂ ਹਰਕਤਾਂ ਨਾਲ ਸ਼ੇਰ ਦੀ ਨੀਂਦ ਖੁੱਲ੍ਹ ਗਈ ਅਤੇ ਉਹ ਜ਼ੋਰ ਦੀ ਦਹਾੜਿਆ, "ਕਿਸਦੀ ਹਿੰਮਤ ਹੋਈ ਮੇਰੀ ਨੀਂਦ ਵਿੱਚ ਵਿਘਨ ਪਾਉਣ ਦੀ?" ਸ਼ੇਰ ਦੀ ਨੀਂਦ ਖੁੱਲ੍ਹਦਿਆਂ ਹੀ ਚੂਹਾ ਚੁੱਪ-ਚਾਪ ਗੁਫ਼ਾ 'ਚੋਂ ਬਾਹਰ ਆ ਗਿਆ। ਉੱਧਰ ਸ਼ੇਰ ਦੀ ਦਹਾੜ ਜਦੋਂ ਜੰਗਲ ਵਿੱਚ ਗੂੰਜੀ ਤਾਂ ਸ਼ਿਕਾਰੀ ਚੁਕੰਨੇ ਹੋ ਗਏ। ਸ਼ੇਰ ਗੁੱਸੇ 'ਚ ਆਪਣੀ ਗੁਫ਼ਾ 'ਚੋਂ ਬਾਹਰ ਆ ਗਿਆ।
ਗੁਫ਼ਾ ਦੇ ਬਾਹਰ ਖਰਗੋਸ਼ ਨੂੰ ਦੇਖ ਕੇ ਸ਼ੇਰ ਨੇ ਸਮਝਿਆ ਕਿ ਇਸ ਖਰਗੋਸ਼ ਨੇ ਹੀ ਮੇਰੀ ਨੀਂਦ ਵਿੱਚ ਵਿਘਨ ਪਾਇਆ ਹੈ। ਸ਼ੇਰ ਖਰਗੋਸ਼ ਦੇ ਪਿੱਛੇ ਭੱਜਿਆ, ਖਰਗੋਸ਼ ਤੇਜ਼ ਰਫ਼ਤਾਰ ਨਾਲ ਭੱਜਦਾ ਹੋਇਆ ਸ਼ੇਰ ਨੂੰ ਉੱਥੋਂ ਤੱਕ ਲੈ ਗਿਆ ਜਿੱਥੇ ਉਹ ਸ਼ਿਕਾਰੀ ਲੁਕ ਕੇ ਬੈਠੇ ਹੋਏ ਸਨ। ਸ਼ੇਰ ਨੂੰ ਦੇਖਦਿਆਂ ਹੀ ਦੋਵਾਂ ਸ਼ਿਕਾਰੀਆਂ ਨੇ ਆਪਣੀਆਂ ਬੰਦੂਕਾਂ ਚੁੱਕ ਲਈਆਂ ਤੇ ਨਿਸ਼ਾਨਾ ਮਾਰ ਕੇ ਸ਼ੇਰ ਨੂੰ ਬੇਹੋਸ਼ ਕਰਕੇ ਪਿੰਜਰੇ 'ਚ ਬੰਦ ਕਰਕੇ ਸ਼ਹਿਰ ਵੱਲ ਲੈ ਗਏ। ਸ਼ੇਰ ਦੇ ਜੰਗਲ 'ਚੋਂ ਜਾਂਦਿਆਂ ਹੀ ਜੰਗਲ ਵਿੱਚ ਜਿਵੇਂ ਮੰਗਲ ਹੋ ਗਿਆ। ਸਾਰੇ ਜਾਨਵਰ ਇੱਕ ਵਾਰ ਫ਼ਿਰ ਖਰਗੋਸ਼ ਦੀ ਹੁਸ਼ਿਆਰੀ ਅਤੇ ਸਮਝਦਾਰੀ ਦਾ ਲੋਹਾ ਮੰਨ ਗਏ।