ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [ناصوُر] ਨਾਸਬੂਰ. ਵਿ- ਜੋ ਸਾਬਿਰ ਨਹੀਂ. ਜਿਸ ਨੂੰ ਸਬਰ (ਸੰਤੋਖ) ਨਹੀਂ. ਬੇਸਬਰਾ "ਨਾਸਾਬੂਰੁ ਹੋਵੈ ਫਿਰਿ ਮੰਗੈ." (ਬੰਸ ਅਃ ਮਃ ੧)


ਅ਼. [ناصحِ] ਨਾਸਿਹ਼. ਵਿ- ਨਸੀਹਤ ਕਰਨ ਵਾਲਾ. ਦੇਖੋ, ਨਸਹ.


ਸੰ. ਨਾਸਿਕ੍ਯ. ਵਿ- ਨੱਕ ਨਾਲ ਹੈ ਜਿਸ ਦਾ ਸੰਬੰਧ. ਨੱਕ ਵਿੱਚੋਂ ਉਤਪੰਨ ਹੋਇਆ। ੨. ਸੰਗ੍ਯਾ- ਅਸ਼੍ਵਿਨੀਕੁਮਾਰ ਦੇਵਤਾ, ਜੋ ਘੋੜੀ ਦੇ ਨੱਕ ਵਿੱਚੋਂ ਜੰਮੇ ਹਨ। ੩. ਦੱਖਣ ਦਾ ਇੱਕ ਦੇਸ਼। ੪. ਨਾਸਿਕ ਦੇਸ਼ ਵਿੱਚ ਬੰਬਈ ਦੇ ਹਾਤੇ ਇੱਕ ਨਗਰ, ਜੋ ਜਿਲੇ ਦਾ ਪ੍ਰਧਾਨ ਅਸਥਾਨ ਹੈ. ਇਹ ਬੰਬਈ ਤੋਂ ੧੦੭ ਮੀਲ ਹੈ. ਇਸ ਪਾਸੋਂ ਗੋਦਾਵਰੀ ਨਦੀ ਨਿਕਲਦੀ ਹੈ. ਨਾਸਿਕ ਵਿੱਚ ਸ਼ਿਵ ਦਾ ਪ੍ਰਸਿੱਧ ਮੰਦਿਰ ਹੈ, ਜਿੱਥੇ ਕੁੰਭਮੇਲਾ ਵਡੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ. ਲਛਮਣ ਨੇ ਜਿਸ ਪੰਚਵਟੀ ਵਿੱਚ ਸੂਪਨਖਾ ਦਾ ਨੱਕ ਵੱਡਿਆ ਸੀ, ਉਹ ਨਾਸਿਕ ਦੇ ਨਾਲ ਹੀ ਗੋਦਾਵਰੀ ਦੋ ਖੱਬੇ ਪਾਸੇ ਹੈ.


ਸੰ. ਸੰਗ੍ਯਾ- ਨੱਕ. ਨਾਕ.


ਵਿ- ਨਾਸ਼ਕ. ਵਿਨਾਸ਼ ਕਰਤਾ. "ਸਰਬ ਨਾਸਿਯ ਹੈ." (ਜਾਪੁ) ੨. ਦੇਖੋ, ਨਾਸ੍ਯ.


ਅ਼. [ناصر] ਨਾਸਿਰ. ਸਹਾਇਕ.