ਇ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਗ੍ਯਾਨਹੀਨ. ਅਨਜਾਣ. ਅਗ੍ਯਾਨੀ. "ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ." (ਵਾਰ ਆਸਾ ਮਃ ੨) ੨. ਸੰਗ੍ਯਾ- ਬੱਚਾ। ੩. ਜੋ ਨਸ਼ੇ ਦਾ ਇਸਤਾਮਾਲ ਨਹੀਂ ਕਰਦਾ, ਸੋਫੀ. "ਪੀਤਾ ਫੁੱਲ ਇਆਣੀ ਘੂਮਨ ਸੂਰਮੇ." (ਚੰਡੀ ੩) ਜਿਵੇਂ ਸੋਫੀ ਅਫੀਮ ਦਾ ਰਸ ਪੀਕੇ ਝੂਮਣ ਲਗਦੇ ਹਨ, ਤਿਵੇਂ ਸੂਰਮੇ ਝੂਮਦੇ ਹਨ. ਦੇਖੋ, ਫੁੱਲ ੩.


ਸੰਗ੍ਯਾ- ਅਗ੍ਯਾਨਤ੍ਵ. ਅਨਜਾਣਪੁਣਾ. "ਰੇ ਮਨ! ਐਸੀ ਕਰਹਿ ਇਆਨਥ." (ਮਾਰੂ ਮਃ ੫) "ਮੇਰੀ ਬਹੁਤ ਇਆਨਪ ਜਰਤ." (ਦੇਵ ਮਃ ੫) "ਇਆਨਪ ਤੇ ਸਭ ਭਈ ਸਿਆਨਪ." (ਬਿਲਾ ਮਃ ੫) ੨. ਬਚਪਨ. ਬਾਲਪੁਣਾ.


ਵਿ- ਇਆਨ (ਅਗ੍ਯਾਨ) ਅੱਗੇ ੜਾ ਪ੍ਰਤ੍ਯਯ ਵਾਨ (ਵਾਲਾ) ਅਰਥ ਵਿੱਚ ਹੈ. ਅਗ੍ਯਾਨੀ. ੨. ਜਿਸ ਦੀ ਛੋਟੀ ਉਮਰ ਹੈ. ਬਾਲ। ੩. ਜਿਸ ਨੂੰ ਸ੍ਵਾਮੀ ਦੇ ਪ੍ਰਸੰਨ ਕਰਨ ਦਾ ਗ੍ਯਾਨ ਨਹੀਂ. "ਇਆਨੜੀਏ! ਮਾਨੜਾ ਕਾਇ ਕਰੇਹਿ?" (ਤਿਲੰ ਮਃ ੧)


ਦੇਖੋ, ਇਆਣਾ.


ਇਹ ਪਿੰਡ ਜਿਲਾ, ਤਸੀਲ ਲੁਦਿਆਨਾ ਵਿੱਚ ਹੈ. ਰੇਲਵੇ ਸਟੇਸ਼ਨ ਬੱਦੋਵਾਲ ਤੋਂ ਵਾਯਵੀ ਕੋਣ ਇੱਕ ਮੀਲ ਦੇ ਕਰੀਬ ਹੈ.#ਇਸ ਪਿੰਡ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਨੇ ਮਾਲਵੇ ਨੂੰ ਕ੍ਰਿਤਾਰਥ ਕਰਦੇ ਇੱਥੇ ਚਰਣ ਪਾਏ ਹਨ. ਗੁਰੁਦ੍ਵਾਰਾ ਪੁਰਾਣਾ ਬਣਿਆ ਹੋਇਆ ਹੈ. ਪੁਜਾਰੀ ਉਦਾਸੀ ਸਾਧੂ ਹੈ. ਗੁਰੁਦ੍ਵਾਰੇ ਨਾਲ ੮੦ ਵਿੱਘੇ ਜ਼ਮੀਨ ਹੈ, ਜੋ ਇਸ ਨਗਰ ਵੱਲੋਂ ਹੈ.


ਸਰਵ- ਇਹ. ਯਹ. ਇਸ 'ਇਹ' ਦਾ ਉਹ ਰੂਪ ਹੈ, ਜਿਸ ਨਾਲ ਵਿਭਗਤੀ (ਵਿਭਿਕ੍ਤ) ਲਗਕੇ ਇਸ ਨੂੰ ਇਸ ਵਿੱਚ ਆਦਿ ਰੂਪ ਬਣਦੇ ਹਨ. "ਤਬ ਇਸ ਕਉ ਸੁਖ ਨਾਹੀ ਕੋਇ." (ਸੁਖਮਨੀ) ੨. ਸੰ. ईश- ਈਸ਼. ਸੰਗ੍ਯਾ- ਰਾਜਾ. "ਤਿਯੰ ਇਸੰ, ਗਹ੍ਯੋ ਕਿਸੰ." (ਰਾਮਾਵ) ਈਸ਼ (ਰਾਜਾ ਰਾਵਣ) ਦੀ ਇਸਤ੍ਰੀ ਮੰਦੋਦਰੀ ਨੂੰ, ਕੀਸ਼ (ਬਾਂਦਰਾਂ) ਨੇ ਫੜਲਿਆ.


ਦੇਖੋ, ਇਬਰਾਹੀਮ.


ਅ਼. [عِشق] ਇ਼ਸ਼ਕ਼ ਸੰਗ੍ਯਾ- ਆਸਕ੍ਤਤਾ. ਪ੍ਰੇਮ. ਪ੍ਰੀਤੀ. "ਇਸਕ ਮੁਹਬਤਿ ਨਾਨਕਾ, ਲੇਖਾ ਕਰਤੇ ਪਾਸਿ." (ਵਾਰ ਮਾਰੂ ੧, ਮਃ ੧)