ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਬਿਲਕੁਲ. ਮੂਲੋਂ "ਐਸਾ ਕੰਮ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ." (ਅਨੰਦੁ) ੨. ਸੰ. ਸੰਗ੍ਯਾ- ਜੜ. "ਮੂਲ ਬਿਨਾ ਸਾਖਾ ਕਤੁ ਆਹੈ?" (ਭੈਰ ਮਃ ੫) ੩. ਵਪਾਰ ਲਈ ਪੂੰਜੀ. ਮੂਲਧਨ. "ਖੋਵੈ ਮੂਲ ਲਾਭ ਨਹਿ" ਪਾਵੈ." (ਗੁਪ੍ਰਸੂ) ੪. ਅਸਲ ਮਜਮੂਨ, ਜਿਸ ਪੁਰ ਟੀਕਾ ਟਿੱਪਣੀ ਲਿਖੀ ਜਾਵੇ. Text। ੫. ਮੁੱਢ. ਆਦਿ. ਭਾਵ- ਕਰਤਾਰ. "ਮੂਲਿ ਲਾਗੇ ਸੇ ਜਨ ਪਰਵਾਣੁ। ××× ਡਾਲੀ ਲਾਗੈ ਨਿਹਫਲ ਜਾਈ ॥" (ਆਸਾ ਮਃ ੩) ਡਾਲੀ ਤੋਂ ਭਾਵ ਦੇਵੀ ਦੇਵਤਾ ਅਤੇ ਜਗਤ ਹੈ। ੬. ਅਸਲਿਯਤ। ੭. ਉੱਨੀਹਵਾਂ ਨਛਤ੍ਰ। ੮. ਗਾਜਰ ਮੂਲੀ ਆਦਿਕ ਜਮੀਨ ਅੰਦਰ ਹੋਣ ਵਾਲੇ ਪਦਾਰਥ। ੯. ਸੰ. मूल्. ਧਾ- ਜੜੇ ਜਾਣਾ, ਦ੍ਰਿੜ੍ਹ ਹੋਣਾ, ਵਧਣਾ, ਜੜ ਪਕੜਨਾ। ੧੦. ਦੇਖੋ, ਮੂਲ੍ਯ.


ਜਿਲਾ ਗੁਰਦਾਸਪੁਰ ਦੇ ਪੱਖੋਕੇ ਅਤੇ ਬਟਾਲੇ ਪਿੰਡਾਂ ਦਾ ਵਸਨੀਕ ਚੋਣਾਖਤ੍ਰੀ ਬਾਬਾ ਮੂਲਚੰਦ, ਜਿਸ ਦੀ ਸੁਪੁਤ੍ਰੀ ਸ਼੍ਰੀ ਮਤੀ ਸੁਲਖਣੀ ਜੀ ਦਾ ਵਿਆਹ ਸ਼੍ਰੀਗੁਰੂ ਨਾਨਕਦੇਵ ਜੀ ਨਾਲ ਹੋਇਆ. ਦੇਖੋ, ਸੁਲਖਣੀ ਮਾਤਾ। ੨. ਭਾਈ ਮੂਲਚੰਦ, ਜਿਸ ਦਾ ਜਨਮ ਸੰਮਤ ੧੭੦੫ ਵਿੱਚ ਹੋਇਆ. ਇਹ ਕਰਨੀ ਵਾਲਾ ਗੁਰਸਿੱਖ ਹੋਇਆ ਹੈ. ਦੇਖੋ, ਗੰਗਾਰਾਮ.


ਮੂਲਯੰਤ੍ਰ. ਉਹ ਕਲ, ਜਿਸ ਨਾਲ ਹੋਰ ਕਲਾਂ ਫਿਰਨ. ਸਭ ਨੂੰ ਚਲਾਉਣ ਵਾਲੀ ਮਸ਼ੀਨ. ਭਾਵ- ਮਾਯਾ। ੨. ਚੇਤਨਸੱਤਾ.


ਸੰਗ੍ਯਾ- ਮੂਲਦ੍ਵਾਰ. ਗੁਦਾ. "ਮੂਲਦੁਆਰੈ ਬੰਧਿਆ ਬੰਧੁ." (ਭੈਰ ਕਬੀਰ) ਪ੍ਰਾਣਾਯਾਮ ਕਰਨ ਸਮੇਂ ਅੱਡੀ ਨਾਲ ਗੁਦਾ ਦਾ ਮੁਖ ਬੰਦ ਕੀਤਾ.


ਹਠਯੋਗ ਅਨੁਸਾਰ ਅੱਡੀ ਨਾਲ ਗੁਦਾ ਦਾ ਮੁਖ ਬੰਦ ਕਰਨ ਦੀ ਕ੍ਰਿਯਾ.