ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੰਜਾਬੀ ਵਰਣਮਾਲਾ ਦਾ ਅਠਾਰਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਮੂਰ੍‍ਧਾ (ਮੂੰਹ ਦੀ ਛੱਤ) ਹੈ। ੨. ਸੰ. ਸੰਗ੍ਯਾ- ਬੜਵਾ ਅਗਨਿ. ਸਮੁੰਦਰੀ ਅੱਗ। ੩. ਸ਼ਬਦ. ਧੁਨਿ। ੪. ਸ਼ਿਵ। ੫. ਡਰ। ੬. ਲਹਿੰਦੀ ਪੰਜਾਬੀ ਅਤੇ ਸਿੰਧੀ ਵਿੱਚ ਇਹ ਦ ਦੀ ਥਾਂ ਭੀ ਬੋਲਿਆ ਜਾਂਦਾ ਹੈ. ਜਿਵੇਂ- ਦਰ ਦੀ ਥਾਂ ਡਰ, ਦਾ ਦੀ ਥਾਂ ਡਾ, ਦੁੱਧ ਦੀ ਥਾਂ ਡੁਧੁ ਸ਼ਬਦਾਂ ਵਿੱਚ.


ਸੰਗ੍ਯਾ- ਦਵ. ਜੰਗਲ ਦੀ ਅੱਗ. "ਆਗੈ ਦੇਖਉ ਡਉ ਜਲੈ." (ਸ੍ਰੀ ਮਃ ੫) ਦੇਖੋ, ਦਵ.


ਬਕਬਾਦ ਕਰਨ ਵਾਲੀ. ਸਾਫ਼ ਨਾ ਬੋਲਣ ਵਾਲੀ. ਦੇਖੋ, ਡਉਰ ੨. "ਬਕੈ ਤ ਡਉਰੀ." (ਰਾਮਾਵ)


ਦੇਖੋ, ਡੌਲ। ੨. ਸੰ. डम्बर ਡੰਬਰ. ਅਸਪਸ੍ਟ ਕਥਨ. ਉਹ ਵਾਕ, ਜਿਸ ਦੇ ਸ਼ਬਦ ਸਾਫ ਨਾ ਸਮਝੇ ਜਾਵਨ. ਦੇਖੋ, ਡਉਰੀ.


ਸੰ. ਡਮਰੁ. ਸੰਗ੍ਯਾ- ਇੱਕ ਵਾਜਾ ਜੋ ਇੱਕੇ ਹੱਥ ਨਾਲ ਵਜਾਈਦਾ ਹੈ. ਇਸ ਦਾ ਵਿਚਕਾਰਲਾ ਭਾਗ ਪਤਲਾ ਅਤੇ ਦੋਵੇਂ ਸਿਰੇ ਚੌੜੇ ਹੁੰਦੇ ਹਨ ਅਤੇ ਚੰਮ ਨਾਲ ਮੜ੍ਹੇ ਰਹਿੰਦੇ ਹਨ. ਮ੍ਰਿਦੰਗ ਦੀ ਤਰਾਂ ਰੱਸੀਆਂ ਨਾਲ ਕਸਿਆ ਜਾਂਦਾ ਹੈ. ਦੋ ਛੋਟੀਆਂ ਕੱਪੜੇ ਦੀਆਂ ਡੋਡੀਆਂ ਲੰਮੀ ਰੱਸੀ ਨਾਲ ਬੱਧੀਆਂ ਹੁੰਦੀਆਂ ਹਨ. ਜਦ ਹੱਥ ਨਾਲ ਡੌਰੂ ਹਿਲਾਈਦਾ ਹੈ, ਤਦ ਉਹ ਡੋਡੀਆਂ ਚੰਮ ਉੱਪਰ ਜਾਕੇ ਵਜਦੀਆਂ ਹਨ, ਜਿਸ ਤੋਂ ਡਮ ਡਮ ਸ਼ਬਦ ਹੁੰਦਾ ਹੈ. ਇਹ ਸ਼ਿਵ ਦਾ ਪਿਆਰਾ ਵਾਜਾ ਹੈ. "ਬਰਦ ਚਢੇ ਡਉਰੂ ਢਮਕਾਵੈ." (ਗੌਡ ਕਬੀਰ)


ਸਿਆਲਕੋਟ ਦੇ ਜਿਲ ਇੱਕ ਨਗਰ, ਜਿੱਥੇ ਥਾਣਾ ਅਤੇ ਤਸੀਲ ਹੈ. ਕਈ ਲੇਖਕਾਂ ਨੇ ਇਸ ਨੂੰ ਠਸਕਾ ਸਮਝਕੇ ਭੁੱਲ ਕੀਤੀ ਹੈ. ਦੇਖੋ, ਸਾਹਭੀਖ.