ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੰਜਾਬੀ ਵਰਣਮਾਲਾ ਦਾ ਇਕੀਹਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਦੰਤ (ਦੰਦ) ਹੈ। ੨. ਵ੍ਯ- ਨਿਸ਼ਚੇ ਕਰਕੇ. ਯਕੀਨਨ। ੩. ਨਿਰਾ. ਫ਼ਕਤ਼. ਕੇਵਲ. "ਬਾਣੀ ਤ ਗਾਵਹੁ ਗੁਰੂ ਕੇਰੀ." (ਅਨੰਦੁ) ੪. ਤੋ. ਤਾਂ. "ਮੋਤੀ ਤ ਮੰਦਰ ਊਸਰਹਿ." (ਸ੍ਰੀ ਮਃ ੧) ੫. ਤਦ. ਤਬ. "ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ." (ਵਾਰ ਮਾਝ ਮਃ ੧) "ਤ ਧਰਿਓ ਮਸਤਕਿ ਹਥ." (ਸਵੈਯੇ ਮਃ ੨. ਕੇ) ੬. ਔਰ. ਅਤੇ। ੭. ਸੰ. ਸੰਗ੍ਯਾ- ਝੂਠ. ਅਸਤ੍ਯ। ੮. ਰਤਨ। ੯. ਅਮ੍ਰਿਤ। ੧੦. ਨੌਕਾ. ਨਾਵ। ੧੧. ਚੋਰ। ੧੨. ਮਲੇਛ। ੧੩. ਪੂਛ. ਦੁਮ। ੧੪. ਗਰਭ। ੧੫. ਗੋਦ. ਗੋਦੀ। ੧੬. ਤਗਣ ਦਾ ਸੰਖੇਪ ਨਾਮ. ਦੇਖੋ, ਗਣ। ੧੭. ਫ਼ਾ. [ت] ਸਰਵ- ਤੈਨੂੰ. ਤੇਰਾ.


ਸਰਵ- ਤੇਰਾ. ਤੇਰੇ. ਤੇਰੀ. "ਤਉ ਕਿਰਪਾ ਤੇ ਮਾਰਗਿ ਪਾਈਐ." (ਗਉ ਮ. ੫) "ਪਾਵ ਸੁਹਾਵੇ ਜਾ ਤੁ ਧਿਰਿ ਜੁਲਦੇ." (ਵਾਰ ਰਾਮ ੨. ਮਃ ੫) ੨. ਤੈਨੂ. ਤੁਝੇ. "ਜੋ ਤਉ ਭਾਵੈ ਸੋਈ ਥੀਸੀ." (ਸੋਪੁਰਖੁ) ੩. ਤੈਂ. ਤੈਂਨੇ. "ਜੋ ਤਉ ਕੀਨੇ ਆਪਣੇ." (ਸ੍ਰੀ ਛੰਤ ਮਃ ੫) ੪. ਤਿਸ. "ਜਾਂਕੈ ਪ੍ਰੇਮ ਪਦਾਰਥੁ ਪਾਈਐ ਤਉ ਚਰਨੀ ਚਿਤੁ ਲਾਈਐ." (ਤਿਲੰ ਮਃ ੧) ੫. ਤੂੰ. "ਸੁਨੀਅਤ ਪ੍ਰਭੁ ਤਉ ਸਗਲ ਉਧਾਰਨ." (ਬਿਲਾ ਮਃ ੫) ੬. ਕ੍ਰਿ. ਵਿ- ਤੋ. ਤਾਂ. "ਤੁਮ ਤਉ ਰਾਖਨਹਾਰ ਦਇਆਲ." (ਧਨਾ ਮਃ ੫) ੭. ਤਬ. "ਜੋਗ ਜੁਗਤਿ ਤਉ ਪਾਈਐ." (ਸੂਹੀ ਮਃ ੧) ੮. ਤਾਂਭੀ. ਤਊ. ਤਥਾਪਿ. ਤਾਹਮ. "ਤਉ ਨ ਪੁਜਹਿ ਹਰਿਕੀਰਤਿ ਨਾਮਾ." (ਗੌਂਡ ਨਾਮਦੇਵ)


ਦੇਖੋ, ਤੁਸਾਰ.


ਅ਼. [طوَق] ਤ਼ੌਕ਼. ਸੰਗ੍ਯਾ- ਕੰਠ ਪਹਿਰਨ ਦਾ ਗਹਿਣਾ. ਕੰਠਾ. ਮੁਗ਼ਲਰਾਜ ਸਮੇਂ ਇਹ ਅਮੀਰਾਂ ਨੂੰ ਬਾਦਸ਼ਾਹ ਵੱਲੋਂ ਪਹਿਨਾਇਆ ਜਾਂਦਾ ਸੀ। ੨. ਗਲਬੰਧਨ. ਪਟਾ। ੩. ਅਪਰਾਧੀ ਦੇ ਗਲ ਪਾਇਆ ਭਾਰੀ ਕੜਾ ਅਥਵਾ ਜੰਜੀਰ. "ਤੇਰੇ ਗਲੇ ਤਉਕ ਪਗਿ ਬੇਰੀ." (ਸੋਰ ਕਬੀਰ) ਅਵਿਦ੍ਯਾਰੂਪ ਤ਼ੌਕ. ਅਤੇ ਕਰਮਕਾਂਡ ਦੀ ਬੇੜੀ.


ਕ੍ਰਿ- ਤੋਯ (ਜਲ) ਕਣ (ਕਨਕਾ). ਪਾਣੀ ਦੇ ਕਣਕੇ (ਤੁਬਕੇ) ਗਿਰਾਉਣੇ. ਜਲ ਛਿੜਕਣਾ. "ਬਲਤੋ ਜਲਤੋ ਤਉਕਿਆ ਗੁਰ ਚੰਦਨੁ ਸੀਤਲਾਇਓ." (ਗਉ ਅਃ ਮਃ ੫)


ਸਰਵ- ਤਵਨ. ਸੋ. ਵਹ. ਉਹੀ. "ਭਈ ਬਾਤ ਤਉਨੈ." (ਗ੍ਯਾਨ) ੨. ਉਸ. ਤਿਸ. "ਭਯੋ ਤਉਨ ਕੇ ਬੰਸ ਮੇ ਰਾਮ ਰਾਜਾ." (ਗ੍ਯਾਨ) ੩. ਉਸਨੇ. ਤਿਸਨੇ. "ਤਉਨ ਤੈਸੇ ਨਿਹਾਰੇ." (ਰਾਮਾਵ)


ਵ੍ਯ- ਤਬ ਹੀ. ਤਭੀ. "ਘੁੰਘਟੁ ਤੋਰੇ ਤਉਪਰਿ ਸਾਚੈ." (ਆਸਾ ਕਬੀਰ) ੨. ਉਸ ਪੁਰ. ਤਿਸ ਪੁਰ.


ਕ੍ਰਿ. ਵਿ- ਤਬ ਤਕ. ਤਦੋਂ ਤੀਕ. ਓਦੋ ਤੋੜੀ. ਤੌਲੌ. "ਤਉਲਉ ਮਹਲਿ ਨ ਲਾਭੈ ਜਾਨ." (ਗਉ ਕਬੀਰ, ਵਾਰ ੭)


ਵ੍ਯ- ਤਾਂ ਭੀ. ਤੌ ਭੀ. ਤਥਾਪਿ. "ਸਤ੍ਰੂ ਅਨੇਕ ਚਲਾਵਤ ਘਾਵ, ਤਊ ਤਨ ਏਕ ਨ ਲਾਗਨੋ ਪਾਵੈ." (ਅਕਾਲ) ੨. ਸਰਵ- ਤੇਰਾ. ਤੇਰੇ. "ਨੀਹੁ ਮਹਿੰਜਾ ਤਊ ਨਾਲਿ." (ਵਾਰ ਮਾਰੂ ੨. ਮਃ ੫)


ਸੰਗ੍ਯਾ- ਤਾਤ. ਤਾਇਆ. ਪਿਤਾ ਦਾ ਵੱਡਾ ਭਾਈ. "ਤਊਅਨ ਮਾਰਹੁ ਸਾਥ ਚਚੇ." (ਕ੍ਰਿਸ਼ਨਾਵ)