ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੰਜਾਬੀ ਵਰਣਮਾਲਾ ਦਾ ਚੌਤੀਹਵਾਂ ਅੱਖਰ. ਇਸ ਦੇ ਉੱਚਾਰਣ ਦਾ ਅਸਥਾਨ ਦੰਦ ਅਤੇ ਹੋਠ ਹੈ. ਇਹ ਪੰਜਾਬੀ ਵਿੱਚ ਕਈ ਵਾਰ ਮ ਦੀ ਥਾਂ ਬਦਲ ਜਾਂਦਾ ਹੈ ਜੈਸੇ- ਗਮਨ ਦੀ ਥਾਂ ਗਵਨ, ਰਮਣ ਦੀ ਥਾਂ ਰਵਣ, ਭ੍ਰਮਣ ਦੀ ਥਾਂ ਭਵਣ ਆਦਿ। ੨. ਸੰ. ਸੰਗ੍ਯਾ- ਵਾਯੁ. ਪੌਣ. ਹਵਾ। ੩. ਤੀਰ. ਵਾਣ। ੪. ਸਲਾਹ. ਮਸ਼ਵਰਾ। ੫. ਤਸੱਲੀ. ਦਿਲਾਸਾ। ੬. ਕਲ੍ਯਾਣ. ਭਲਾਈ। ੭. ਸਮੁੰਦਰ। ੮. ਵਸਤ੍ਰ। ੯. ਪ੍ਰਣਾਮ. ਬੰਦਨਾ। ੧੦. ਬਘਿਆੜ. ਭੇਡੀਆ। ੧੧. ਬਿਰਛ। ੧੨. ਸ਼ਰਾਬ. ਮਦ੍ਯ। ੧੩. ਭੁਜਾ. ਬਾਹੁ। ੧੪. ਸ਼ੇਰ. ਸ਼ਾਰਦੂਲ। ੧੫. ਵਿ- ਬਲਵਾਨ। ੧੬. ਜੇਹਾ. ਜੈਸਾ। ੧੭. ਅ਼. ਵ੍ਯ- ਔਰ. ਪੁਨਹ। ੧੮. ਭੀ. ਅਪਿ.


ਦੇਖੋ, ਵਯ। ੨. ਦੇਖੋ, ਵੈ.


ਦੇਖੋ, ਵਯ ੨। ੨. ਦੇਖੋ, ਵੈਸ.


ਉਪਜੇ. ਪੈਦਾ ਹੋਏ. "ਤਿਨ ਤੇ ਪੁਤ੍ਰ ਪੌਤ੍ਰ ਜੇ ਵਏ। ਰਾਜ ਕਰਤ ਇਹ ਜਗ ਕੋ ਭਏ ॥" (ਵਿਚਿਤ੍ਰ) ੨. ਹੋਏ. ਭਏ. "ਹਰੀਕ੍ਰਿਸ਼ਨ ਤਿਨ ਕੇ ਸੁਤ ਵਏ." (ਵਿਚਿਤ੍ਰ) ੩. ਵ੍ਯ. ਸੰਬੋਧਨ. ਓਏ!


ਸੰ. वश्. ਧਾ- ਇੱਛਾ ਕਰਨਾ (ਚਾਹੁਣਾ). ੨. ਸੰ. वस्. ਧਾ- ਵਸਣਾ (ਰਹਿਣਾ), ਓਢਣਾ, ਪ੍ਰੀਤਿ ਕਰਨਾ, ਅੰਗੀਕਾਰ ਕਰਨਾ, ਨਸ੍ਟ ਕਰਨਾ, ਨਿਸ਼ਚਲ ਹੋਣਾ (ਟਿਕਣਾ). ੩. ਸੰ. ਵਸ਼. ਸੰਗ੍ਯਾ- ਕ਼ਾਬੂ (ਅਧੀਨ) ਹੋਣ ਦਾ ਭਾਵ। ੪. ਮਾਲਿਕਪਨ. ਪ੍ਰਭੁਤ੍ਵ। ੫. ਵਿ- ਕ਼ਾਬੂ ਆਇਆ. ਵਸ਼ ਹੋਇਆ। ੬. ਦੇਖੋ, ਵਸਸੀ ੨। ੭. ਫ਼ਾ. [وش] ਵਸ਼. ਵਿ- ਵਾਂਙ. ਮਾਨਿੰਦ. ਤੁੱਲ. ਸਮਾਨ.


ਵਸੇਗਾ. ਨਿਵਾਸ ਕਰਸੀ। ੨. ਵਸ (ਵ੍ਰਿਸ੍ਟਿ- वृष्टि) ਕਰਸੀ. ਵਰਸੇਗਾ. "ਆਪਣੀ ਕਿਰਪਾ ਕਰਿਕੈ ਵਸਸੀ, ਵਣੁ ਤ੍ਰਿਣੁ ਹਰਿਆ ਹੋਇਆ." (ਮਃ ੩. ਵਾਰ ਮਲਾ) ਦੇਖੋ, ਵ੍ਰਿਸ੍ ਧਾ। ੩. ਸੰ. वससि. ਤੂੰ ਵਸਦਾ ਹੈਂ. ਦੇਖੋ, ਬਸਸਿ.