ਹੋਲਾ ਮਹੱਲਾ: ਸਿੱਖ ਵਿਰਾਸਤ ਦਾ ਪ੍ਰਤੀਕ

singhs celebrating hola mohalla festival at Anandpur Sahib

ਹੋਲਾ ਮੁਹੱਲਾ ਜੋ ਹਰ ਸਾਲ ਮਾਰਚ ਮਹੀਨੇ ਵਿੱਚ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ।  ਇਹ ਤਿਉਹਾਰ ਖ਼ਾਸ ਤੌਰ 'ਤੇ ਸਿੱਖ ਧਰਮ ਨਾਲ ਜੁੜਿਆ ਹੋਇਆ ਹੈ, ਜਿਸ ਦੀ ਸ਼ੁਰੂਆਤ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਕੀਤੀ ਸੀ ।

ਦਸਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੇਤ ਵਦੀ ਇਕ, ਸੰਮਤ 1757 ਬਿਕ੍ਰਮੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਿਲ੍ਹਾ ਹੋਲਗੜ੍ਹ 'ਤੇ ਹੋਲਾ ਮਹੱਲਾ ਸ਼ੁਰੂ ਕੀਤਾ। ਗੁਰੂ ਸਾਹਿਬ ਗੁਰਸਿੱਖਾਂ ਵਿੱਚ ਨਿਡਰਤਾ, ਨਿਰਭੈਤਾ ਅਤੇ ਫ਼ਤਹਿ ਦੀ ਭਾਵਨਾ ਦ੍ਰਿੜ ਕਰਨਾ ਚਾਹੁੰਦੇ ਸਨ। ਹੋਲਾ ਸ਼ਬਦ ਦਾ  ਅਰਥ ਹੈ ਹੱਲਾ ਬੋਲਣਾ ਅਤੇ ਮਹੱਲਾ ਸ਼ਬਦ ਦਾ  ਅਰਥ ਹੈ  ਜਿਸ ਥਾਂ ਨੂੰ ਫ਼ਤਹਿ ਕੀਤਾ ਜਾਵੇ। ਦਸਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ  ਹੌਲੀ ਦੀ ਥਾਂ ਹੋਲਾ ਮਹੱਲਾ ਪ੍ਰਚਲਿਤ ਕਰਕੇ ਸੂਰਵੀਰ ਯੋਧੇ ਤਿਆਰ ਕਰਨ ਦਾ ਮੰਤਵ ਰੱਖਿਆ।  ਹੋਲਾ ਮਹੱਲਾ ਸਿੱਖਾਂ ਨੂੰ ਹਰ ਸਾਲ ਦ੍ਰਿੜ ਵਿਸ਼ਵਾਸੀ, ਪਰਮਾਤਮਾ ਦੀ ਭਗਤੀ ਤੇ ਉੱਚੇ-ਸੁੱਚੇ ਮਨੁੱਖੀ ਆਦਰਸ਼ਾਂ, ਜ਼ੁਲਮ, ਜ਼ਬਰ, ਨਾਸਤਿਕਤਾ ਤੇ ਭ੍ਰਿਸ਼ਟਾਚਾਰ ਵਿਰੁੱਧ ਜੂਝਣ ਲਈ ਨਵਾਂ ਜੋਸ਼ ਤੇ ਉਤਸ਼ਾਹ ਪ੍ਰਦਾਨ ਕਰਦਾ ਹੈ।

ਇਸ ਸਾਲ, ਹੋਲਾ ਮੁਹੱਲਾ 14 ਮਾਰਚ, 2025 ਤੋਂ 16 ਮਾਰਚ, 2025 ਤੱਕ ਮਨਾਇਆ ਜਾਵੇਗਾ। ਇਹ ਸਮਾਗਮ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਪਾਉਂਟਾ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ ਵਿੱਚ ਵੱਡੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹੋਲਾ ਮਹੱਲੇ ਵਿੱਚ ਸਭ ਤੋਂ ਵਧ ਖਿੱਚ ਦਾ ਕੇਂਦਰ ਨਿਹੰਗ ਸਿੰਘ (ਖਾਲਸਾ ਫੌਜ) ਦੀ ਯੁੱਧ ਵਿਦਿਆ, ਤਲਵਾਰਬਾਜ਼ੀ, ਘੋੜਸਵਾਰੀ ਅਤੇ ਗਤਕੇ ਦੇ ਕਰਤੱਵ ਹੁੰਦੇ ਹਨ। ਨਿਹੰਗ ਸਿੰਘ ਆਪਣੇ ਆਪ ਨੂੰ ਦਸਮੇਸ਼ ਪਿਤਾ ਜੀ ਦੇ ਰਾਜਸੀ ਭਾਵ ਮੀਰੀ ਦੇ ਵੰਸ਼ਜ ਦੱਸਦੇ ਹੋਏ ਆਪਣੇ ਸੀਸ ਉੱਪਰ ਸਜਾਏ ਦੁਮਾਲੇ ਦੀ ਤੁਲਣਾ- ਰਾਜ ਮੁਕੁਟ ਨਾਲ ਕਰਦੇ ਹਨ। ਉਹ ਰਾਜੇ ਦੇ ਮੁਕੁਟ 'ਤੇ ਕਲਗੀ-ਤੋੜੇ ਸਮਾਨ, ਆਪਣੇ ਦੁਮਾਲੇ ਦੇ ਮੂਹਰੇ ਚੰਦ-ਤੋੜਾ ਸਜਾ ਕੇ ਰੱਖਦੇ ਹਨ।ਨਿਹੰਗ ਸਿੰਘ, ਸਿੰਘਾਂ ਦਾ ਇੱਕ ਫਿਰਕਾ ਹੈ, ਜੋ ਸੀਸ ਪੁਰ ਫਰਹਰੇ ਵਾਲਾ ਦੁਮਾਲਾ, ਚੱਕ੍ਰ, ਤੋੜਾ, ਕਿਰਪਾਨ, ਖੰਡਾ, ਗਜਗਾਹ, ਆਦਿ ਸ਼ਸਤਰ ਅਤੇ ਨੀਲਾ ਬਾਣਾ ਪਹਿਨਦਾ ਹੈ। ਨਿਹੰਗ ਸਿੰਘ (ਖਾਲਸਾ ਫੌਜ) ਤਲਵਾਰ ਬਾਜ਼ੀ, ਤੀਰੰਦਾਜ਼ੀ , ਘੋੜਸਵਾਰੀ ਅਤੇ ਬਹਾਦਰੀ ਭਰੇ ਕਰਤੱਵ ਦਿਖਾ ਕੇ ਲੋਕਾਂ ਵਿੱਚ ਨਵਾਂ ਜੋਸ਼ ਅਤੇ ਉਤਸ਼ਾਹ ਪੈਦਾ ਕਰਦੇ ਹਨ।

ਹੋਲਾ ਮਹੱਲਾ ਦੌਰਾਨ ਨਗਰ ਕੀਰਤਨ ਕੱਢਿਆ ਜਾਂਦਾ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਾਲਕੀ ਨੂੰ ਸਜਾ ਕੇ ਸ਼ਹਿਰ ਵਿੱਚ  ਪਰਕਿਰਮਾ ਕੀਤੀ ਜਾਂਦੀ ਹੈ। ਸੰਗਤ ਵੱਲੋਂ ਕੀਰਤਨ ਕਰਦੇ ਹੋਏ, ਨਿਹੰਗ ਸਿੱਖ ਅੱਗੇ-ਅੱਗੇ ਨਗਾਰੇ ਵਜਾਉਂਦੇ ਹੋਏ, ਨਿਸ਼ਾਨ ਸਾਹਿਬ ਲੈ ਕੇ ਚਲਦੇ ਹਨ। ਇਹ ਦ੍ਰਿਸ਼ ਵਿਅਕਤੀਗਤ ਰੱਖਿਆ ਅਤੇ ਬਹਾਦਰੀ ਦਾ ਪ੍ਰਤੀਕ ਬਣ ਜਾਂਦੇ ਹਨ। ਲੰਗਰ ਸੇਵਾ ਦੌਰਾਨ ਹਜ਼ਾਰਾਂ ਸੰਗਤਾਂ ਨੂੰ ਭੋਜਨ ਪ੍ਰਦਾਨ ਕੀਤਾ ਜਾਂਦਾ ਹੈ।

ਹੋਲਾ ਮਹੱਲਾ ਸਿੱਖ ਧਰਮ ਦੀ ਅਹਿਮ ਵਿਰਾਸਤ ਅਤੇ ਗੌਰਵਮਈ ਇਤਿਹਾਸ ਨੂੰ ਦਰਸਾਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ਰਾਹੀਂ ਸਿੱਖਾਂ ਨੂੰ ਸੱਦਾ ਦਿੱਤਾ ਕਿ ਉਹ ਹਮੇਸ਼ਾ ਸ਼ਸਤਰ-ਵਿਦਿਆ ਅਤੇ ਆਤਮ-ਸੁਰੱਖਿਆ ਦੇ ਮਾਹਰ ਰਹਿਣ। ਇਹ ਤਿਉਹਾਰ ਖ਼ਾਲਸਾ ਪੰਥ ਦੀ ਅਣਖ, ਸ਼ਕਤੀ ਅਤੇ ਸਰਬੱਤ ਦੇ ਭਲੇ ਦਾ ਪ੍ਰਤੀਕ ਹੈ।

ਅੱਜ ਦੇ ਸਮੇਂ ਵਿੱਚ ਜਦੋਂ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਅਤੇ ਇਤਿਹਾਸ ਤੋਂ ਦੂਰ ਹੋ ਰਹੀ ਹੈ, ਹੋਲਾ ਮਹੱਲਾ ਉਹਨਾਂ ਲਈ ਪ੍ਰੇਰਨਾ ਸ੍ਰੋਤ ਬਣ ਸਕਦਾ ਹੈ। ਇਸ ਤਿਉਹਾਰ ਰਾਹੀਂ ਉਹਨਾਂ ਨੂੰ ਆਪਣੇ ਧਰਮ, ਵਿਰਾਸਤ, ਇਤਿਹਾਸ ਅਤੇ ਸਵੈਮਾਨ ਬਾਰੇ ਜਾਣਕਾਰੀ ਮਿਲਦੀ ਹੈ। ਇਹ ਤਿਉਹਾਰ ਨੌਜਵਾਨਾਂ ਵਿੱਚ ਨਵਾਂ ਜੋਸ਼, ਉਤਸ਼ਾਹ ਅਤੇ ਸ਼ਕਤੀ ਭਰਦਾ ਹੈ। ਹੋਲਾ ਮਹੱਲਾ ਸਿਰਫ ਇੱਕ ਤਿਉਹਾਰ ਨਹੀਂ, ਬਲਕਿ ਬਹਾਦਰੀ, ਨਿਡਰਤਾ, ਧਾਰਮਿਕ ਭਾਵਨਾ ਅਤੇ ਆਤਮ-ਸੁਰੱਖਿਆ ਦਾ ਪ੍ਰਤੀਕ ਹੈ। ਗੁਰੂ ਗੋਬਿੰਦ ਸਿੰਘ ਜੀ ਵਲੋਂ ਚਲਾਈ ਗਈ ਇਹ ਪ੍ਰੰਪਰਾ ਸਿੱਖ ਧਰਮ ਵਿੱਚ ਇੱਕ ਅਹਿਮ ਥਾਂ ਰੱਖਦੀ ਹੈ। ਹੋਲਾ ਮਹੱਲਾ ਸਾਡੇ ਅੰਦਰ ਆਤਮ-ਸਮਰਪਣ, ਸ਼ਸਤਰ ਵਿਦਿਆ ਅਤੇ ਬਹਾਦਰੀ ਦੀ ਪ੍ਰੇਰਨਾ ਭਰਨ ਦਾ ਸਰੋਤ ਬਣਦਾ ਹੈ। ਇਸ ਲਈ ਪੰਜਾਬੀ ਸਿੱਖ ਭਾਈਚਾਰੇ ਨੂੰ ਵਿਰਸੇ ਨਾਲ ਜੁੜਕੇ ਗੁਰੂ ਸਾਹਿਬ ਦੀ ਸਿੱਖਿਆ 'ਤੇ ਚੱਲਦੇ ਹੋਏ ਆਪਣੇ ਜੀਵਨ ਵਿੱਚ ਖ਼ਾਲਸਾਈ ਜਜ਼ਬੇ ਨੂੰ ਜਗਾਉਣ ਦੀ ਲੋੜ ਹੈ।

Gurpreet | 12/03/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ