ਅਮਰੀਕਾ ਦੇ ਨਿਊ ਜਰਸੀ ਵਿੱਚ ਅੱਗ ਫੈਲਣ ਕਾਰਨ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ

massive fire in new jersey

ਨਿਊ ਜਰਸੀ ਦੀ ਫਾਇਰ ਸਰਵਿਸ ਨੇ ਮੰਗਲਵਾਰ ਨੂੰ ਕਿਹਾ, "ਅਮਰੀਕਾ ਦੇ ਨਿਊ ਜਰਸੀ ਰਾਜ ਵਿੱਚ ਜੰਗਲਾਂ ਦੀ ਅੱਗ ਦੇ ਵਧਣ ਤੋਂ ਬਾਅਦ ਲਗਭਗ 3,000 ਨਿਵਾਸੀਆਂ ਨੂੰ ਬਾਹਰ ਕੱਢਿਆ ਗਿਆ ਹੈ। ਇਸ ਅੱਗ ਨਾਲ ਹਜ਼ਾਰਾਂ ਏਕੜ ਜ਼ਮੀਨ ਸੜ ਗਈ ਅਤੇ ਸੈਂਕੜੇ ਇਮਾਰਤਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ।

ਨਿਊ ਜਰਸੀ ਫੋਰੈਸਟ ਫਾਇਰ ਸਰਵਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਰਾਤ 10:30 ਵਜੇ ਤੱਕ ਜੋਨਸ ਰੋਡ ਤੇ ਜੰਗਲੀ ਅੱਗ ਓਸ਼ੀਅਨ ਕਾਉਂਟੀ ਵਿੱਚ ਭਿਆਨਕ ਰੂਪ ਲੈ ਚੁੱਕੀ ਸੀ। 

ਇਹ ਅੱਗ ਬਹੁਤ ਹੀ ਥੋੜ੍ਹੇ ਸਮੇਂ ਵਿੱਚ  8,500 ਏਕੜ (3,440 ਹੈਕਟੇਅਰ) ਦੇ ਖੇਤਰ ਵਿੱਚ ਫੈਲ ਗਈ ਸੀ ਅਤੇ ਇਸ ਤੋਂ ਸਿਰਫ਼ ਦੋ ਘੰਟੇ ਪਹਿਲਾਂ ਹੀ ਰਿਪੋਰਟ ਮਿਲੀ ਸੀ ਕਿ ਅੱਗ 3,200 ਏਕੜ ਵਿੱਚ ਫੈਲ ਸਕਦੀ ਹੈ।

ਫਾਇਰ ਸਰਵਿਸ ਨੇ ਕਿਹਾ ਕਿ ਬਹੁਤ ਸਾਰੇ ਅੱਗ ਬੁਝਾਊ ਅਤੇ ਬਚਾਅ ਕਰਮਚਾਰੀਆਂ ਨੂੰ ਫਾਇਰ ਇੰਜਣਾਂ, ਬੁਲਡੋਜ਼ਰਾਂ ਅਤੇ ਜਰੂਰੀ ਅਮਲੇ ਦੇ ਨਾਲ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਦਾ ਕਾਰਨ ਅਜੇ "ਜਾਂਚ ਅਧੀਨ" ਹੈ।

ਸਥਾਨਕ ਮੀਡੀਆ ਨੇ ਕਿਹਾ ਕਿ ਅੱਗ ਇੱਕ ਵਿਸ਼ਾਲ, ਪੇਂਡੂ ਤੱਟਵਰਤੀ ਖੇਤਰ ਵਿੱਚੋਂ ਸ਼ੁਰੂ ਹੋਈ ਸੀ ਜਿਸਨੂੰ ਪਾਈਨ ਬੈਰਨਜ਼ ਕਿਹਾ ਜਾਂਦਾ ਹੈ, ਜੋ ਕਿ ਅਮਰੀਕਾ ਦੇ ਪੂਰਬੀ ਤੱਟ 'ਤੇ ਸਭ ਤੋਂ ਵੱਡੇ ਸੁਰੱਖਿਅਤ ਭੂਮੀ ਖੇਤਰਾਂ ਵਿੱਚੋਂ ਇੱਕ ਹੈ।

ਮਾਰਚ ਵਿੱਚ, ਰਾਜ ਦੇ ਵਾਤਾਵਰਣ ਸੁਰੱਖਿਆ ਵਿਭਾਗ ਨੇ ਕਿਹਾ ਸੀ ਕਿ ਨਿਊ ਜਰਸੀ ਸੋਕੇ ਦੀ ਇੱਕ ਅਧਿਕਾਰਤ ਚੇਤਾਵਨੀ ਦੇ ਅਧੀਨ ਸੀ। ਜਰਸੀ ਸੈਂਟਰਲ ਪਾਵਰ ਐਂਡ ਲਾਈਟ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਲਗਭਗ 25,000 ਘਰਾਂ ਦੀ ਬਿਜਲੀ ਬੰਦ ਹੋ ਗਈ ਸੀ।

ਅੱਗ ਲੱਗਣ ਕਾਰਨ ਗਾਰਡਨ ਸਟੇਟ ਪਾਰਕਵੇਅ ਦੇ ਇੱਕ ਹਿੱਸੇ ਨੂੰ ਵੀ ਬੰਦ ਕਰਨਾ ਪਿਆ, ਜੋ ਕਿ ਰਾਜ ਵਿੱਚੋਂ ਲੰਘਦਾ ਇੱਕ ਪ੍ਰਮੁੱਖ ਹਾਈਵੇਅ ਹੈ। ਨਿਊਯਾਰਕ ਸਿਟੀ ਦੇ ਦੱਖਣ ਵਿੱਚ ਸਥਿਤ ਓਸ਼ੀਅਨ ਕਾਉਂਟੀ, ਇੱਕ ਪ੍ਰਸਿੱਧ ਸੈਰ-ਸਪਾਟਾ ਸਥਾਨ ਹੈ। ਇਸ ਵਿੱਚ ਸਿਕਸ ਫਲੈਗ ਮਨੋਰੰਜਨ ਪਾਰਕ ਵਰਗੇ ਸਥਾਨ ਵੀ ਹਨ।

ਫਾਇਰ ਸਰਵਿਸ ਦੇ ਬੁਲਾਰੇ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਕਰਨਗੇ ਅਤੇ ਇਸ ਅੱਗ ਬਾਰੇ ਹੋਰ ਜਾਣਕਾਰੀ ਦੇਣਗੇ।

Gurpreet | 23/04/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ