ਆਦਮੀ ’ਚੋਂ ਆਦਮੀ ਨੂੰ ਭਾਲਣਾ ਹੁਣ ਪੈ ਗਿਆ
ਕਿਸ ਤਰ੍ਹਾਂ ਦਾ ਦੌਰ ਸਾਨੂੰ ਵੇਖਣਾ ਹੁਣ ਪੈ ਗਿਆ
ਮਨ ਦੇ ਅੰਦਰ ਵਣ ਘਣੇ ਵਿਚ ਭਟਕਣਾ ਹੁਣ ਪੈ ਗਿਆ
ਆਪਣਾ ਹੀ ਥਹੁ—ਟਿਕਾਣਾ ਢੂੰਡਣਾ ਹੁਣ ਪੈ ਗਿਆ
ਲੋਕ ਚੀਕਾਂ ਤੋਂ ਬਿਨਾਂ ਹੁਣ ਹੋਰ ਕੁਝ ਸੁਣਦੇ ਨਹੀਂ
ਆਪਣੀ ਚੁੱਪ ਨਾਲ ਮੈਨੂੰ ਬੋਲਣਾ ਹੁਣ ਪੈ ਗਿਆ
ਬਾਗ਼ ’ਚੋਂ ਸੀ ਫੁੱਲ ਤੋੜਨ ਦੀ ਮਨਾਹੀ ਬਾ—ਹੁਕਮ
ਰੰਗ ਚੇਤੇ ਵਿਚ ਗੁਲਾਬੀ ਸਾਂਭਣਾ ਹੁਣ ਪੈ ਗਿਆ
ਦੋਸਤੀ ਨੂੰ ਹੋਰ ਕੀ ਹੋਣੀ ਭਲਾ ਸ਼ਰਮਿੰਦਗੀ
ਯਾਰ ਨੂੰ ਹੀ ਬੇਵਫ਼ਾ ਜੇ ਆਖਣਾ ਹੁਣ ਪੈ ਗਿਆ
ਬਹੁਤ ਆਸਾਂ ਸੀ ਕਲੰਡਰ ’ਤੇ ਬਣੇ ਭਗਵਾਨ ਤੋਂ
ਸਾਲ ਗ਼ੁਜ਼ਰਨ ਨਾਲ ਹੀ ਉਹ ਪਾੜਣਾ ਹੁਣ ਪੈ ਗਿਆ
ਯਾਦ ਉਸਦੀ, ਮੈਂ, ਗ਼ਜ਼ਲ ਤੇ ਜਾਮ ’ਕੱਠੇ ਹੋ ਗਏ
ਸਾਰਿਆਂ ਨੂੰ ਰਾਤ ਸਾਰੀ ਜਾਗਣਾ ਹੁਣ ਪੈ ਗਿਆ