ਆਦਮੀ ਦਾ ਕੰਮ ਜਦੋਂ ਸਰਦਾ ਨਜ਼ਰ ਆਉਂਦਾ ਨਹੀਂ।
ਭਟਕਦਾ ਫਿਰਦਾ ਇਹ ਕੀ ਕਰਨਾ ਨਜ਼ਰ ਆਉਂਦਾ ਨਹੀਂ।
ਖ਼ਿਰਦਮੰਦਾਂ ਦੀ ਕਮੀ ਕੋਈ ਨਹੀਂ ਸੰਸਾਰ 'ਤੇ,
ਕੋਈ ਦੀਵਾਨਾ ਉਹਦੇ ਦਰ ਦਾ ਨਜ਼ਰ ਆਉਂਦਾ ਨਹੀਂ।
ਮਿਟ ਗਏ ਸ਼ਾਇਦ ਹਕੀਕੀ ਆਸ਼ਿਕਾਂ ਦੇ ਨੇ ਵਜੂਦ,
ਕੱਚਿਆਂ ਘੜਿਆਂ ਤੇ ਕੁਈ ਤਰਦਾ ਨਜ਼ਰ ਆਉਂਦਾ ਨਹੀਂ।
ਕੀ ਕਰੇਗਾ ਦੂਜਿਆਂ ਖ਼ਾਤਰ ਕਿ ਜਿਸ ਇਨਸਾਨ ਨੂੰ,
ਘਰ ਚਿ ਬੈਠਾ ਆਦਮੀ ਘਰ ਦਾ ਨਜ਼ਰ ਆਉਂਦਾ ਨਹੀਂ।
ਜਦ ਵੀ ਮਿਲਦੈਂ ਛੇੜ ਬਹਿਨੈਂ ਦੋਸਤਾਂ ਦੇ ਤੂੰ ਗਿਲੇ,
ਦੋਸਤਾਂ ਲਈ ਤੂੰ ਭੀ ਕੁਝ ਕਰਦਾ ਨਜ਼ਰ ਆਉਂਦਾ ਨਹੀਂ।
ਹੋ ਸਕੇ ‘ਆਜ਼ਾਦ’ ਤਾਂ ਕੁਝ ਪਿਆਰ ਦੀ ਮਰਹਮ ਲਗਾ,
ਜ਼ਖ਼ਮ ਤੇਰੇ ਦਿਲ ਦਾ ਜੇ ਭਰਦਾ ਨਜ਼ਰ ਆਉਂਦਾ ਨਹੀਂ।