ਅੱਖ ਦਾ ਝੁੱਗਾ ਖ਼ਾਲੀ

ਅੱਖ ਦਾ ਝੁੱਗਾ ਖ਼ਾਲੀ ਕਰ ਕੇ।

ਕਿੱਥੇ ਟੁਰ ਗਏ ਸੁਫ਼ਨੇ ਡਰ ਕੇ।

ਮੇਰੇ ਮੁੱਖ ਤੱਕ ਹਾਸਾ ਆਇਆ,

ਖ਼ੋਰੇ ਕਿੰਨੇ ਦੁੱਖੜੇ ਜਰ ਕੇ।

ਜਿੱਤ ਲਈ ਏ ਮੈਂ ਇਸ਼ਕ ਦੀ ਬਾਜ਼ੀ,

ਦਿਲ, ਜਿੰਦ, ਜਾਨ, ਜਵਾਨੀ ਹਰ ਕੇ।

ਦਿਲ ਵਿੱਚ ਤੇਰੇ ਕਿਹੜਾ ਵਸਦਾ,

ਸੱਚ ਬੋਲੀਂ ਹੱਥ ਦਿਲ ਤੇ ਧਰ ਕੇ।

ਇੱਕ ਦੀਦਾਰ ਸੱਜਣ ਦਾ ਕਰਨਾ,

ਇਸ਼ਕ ਦੇ ਸੱਤ ਸਮੁੰਦਰ ਤਰ ਕੇ।

ਸਾਹ ਦਾ ਦੀਵਾ ਨ੍ਹੇਰੀ ਅੱਗੇ,

ਵੇਖਣਾ ਏ ਮੈਂ ਇੱਕ ਦੇਂਹ ਧਰ ਕੇ।

ਅੱਖਾਂ ਅਮਨ ਦਾ ਸੂਰਜ ਤੱਕਿਆ,

ਮੋਤੋਂ ਜੀਵਨ ਤੀਕਰ ਤੱਰ ਕੇ।

ਅੱਗੇ ਹਿਜਰ ਬਰੇਤਾ ਅੜੀਏ,

ਰੱਖ ਲੈ ਨੈਣ ਕਟੋਰੇ ਭਰ ਕੇ।

ਰਾਂਝਾ ਨਾ ਈ ਬੇਲਿਓਂ ਆਇਆ,

ਆ ਗਈਆਂ ਨੇਂ ਮੱਝਾਂ ਚੱਰ ਕੇ।

ਹਿਜਰ ਫ਼ਿਰਾਕ ਦੇ ਝੱਖੜ ਝੁੱਲੇ,

ਆਸਾਂ ਵਾਲੇ ਟਾਹਣ ਨੇਂ ਯਰਕੇ।

ਦਿਲ ਤੱਸੇ ਦੀ ਡਾਂਝ ਨਾ ਮੁੱਕੇ,

ਸਾਹ ਸੀਨੇ ਵਿਚ ਰਹਿੰਦੇ ਘਰਕੇ।

 

ਮੂਸਾ ਨੂੰ ਰਾਹ ਦੇਣ ਸਮੁੰਦਰ,

ਫ਼ਿਰੌਨਾਂ ਦੇ ਬੇੜੇ ਗ਼ਰਕੇ।

ਸੱਚੇ ਇਸ਼ਕ ਦੇ ਦਰਸ਼ਨ ਹੋਵਣ,

ਆਵਾਂ ਪੈਰ ਹਵਾ ਤੇ ਧਰ ਕੇ।

ਮਰਨ ਤੋਂ ਪਹਿਲਾਂ ਜੋ ਮਰ ਜਾਂਦੇ,

ਉਹ ਸੁਗ਼ਰਾ ਨਹੀਂ ਮਰਦੇ ਮਰ ਕੇ।

***

ਸੋਹਣਿਆ ਸੱਜਣਾ ਹੱਥ ਨਾ ਛੱਡੀਂ।

ਬਦਲ ਗੱਜਣ ਬਿਜਲੀ ਕੜਕੇ।

***

📝 ਸੋਧ ਲਈ ਭੇਜੋ