ਆਂਦੀਆਂ ਜਾਂਦੀਆਂ ਕੂੰਜਾਂ ਹੱਥੀਂ ਨਿੱਤ ਸੁਨੇਹੜੇ ਘੱਲਾਂ।
ਜੇ ਵਤਨਾਂ ਨੂੰ ਆਵੇ ਮਾਹੀ ਸ਼ਾਹੀ ਬੇੜੇ ਘੱਲਾਂ।
ਜੀ ਕਰਦਾ ਏ ਵਾਰਿਸ ਦੀ ਪੱਗ ਬਨ੍ਹਾਂ ਰਾਂਝੇ ਨੂੰ,
ਦੇਸ ਨਿਕਾਲਾ ਦੇ ਕੇ ਇਥੋਂ ਸਭੇ ਖੇੜੇ ਘੱਲਾਂ।
ਸ਼ਹਿਰ ਦੇ ਬੰਦ ਮਕਾਨਾਂ ਵਿਚ ਵਸਨੀਕਾਂ ਦਾ ਸਾਹ ਘੁਟਦਾ
ਮੇਰੇ ਵੱਸ ਹੋਵੇ ਤੇ ਪਿੰਡ ਚੋਂ ਖੁੱਲੇ ਵਿਹੜੇ ਘੱਲਾਂ।
ਇੱਕੋ ਮਿਕ ਹੋ ਕੇ ਰਹੀਏ ਸ਼ਾਲਾ ਕੋਈ ਨਿਖੇੜ ਨਾ ਸਕੇ,
ਸੱਤ ਸਮੁੰਦਰੋਂ ਪਾਰ ਮੈਂ ਸਾਰੇ ਝਗੜੇ ਝੇੜੇ ਘੱਲਾਂ।
ਅੱਜ ਮੈਂ ਮੰਨ ਮੁਰਾਦਾਂ ਪਾਈਆਂ ਮਾਹੀ ਮੇਰਾ ਹੋਇਆ।
ਜੀ ਕਰ ਦਾਏ ਸਾਰੇ ਸ਼ਹਿਰ ਨੂੰ ਲੱਡੂ ਪੇੜੇ ਘੱਲਾਂ।
ਸਾਲਗਿਰਾ ਮਾਹੀ ਦੀ ਸੁਗ਼ਰਾ ਫ਼ਿਰ ਚੇਤਰ ਵਿਚ ਆਈ
ਸੋਚਨੀ ਆਂ ਪਈ ਫੁੱਲ ਮੈਂ ਉਹਨੂੰ ਕਿਹੜੇ ਕਿਹੜੇ ਘੱਲਾਂ।