ਆਓ ਸੋਹਣੇ ਦੇਸ ਪੰਜਾਬ ਦੀ

ਆਓ ਸੋਹਣੇ ਦੇਸ ਪੰਜਾਬ ਦੀ ਰਲਕੇ ਸ਼ਾਨ ਵਧਾਈਏ।

ਸੋਨ-ਸੁਨਹਿਰੀ ਇਸ ਧਰਤੀ ਨੂੰ ਜੱਗ ਦੇ ਵਿਚ ਰੁਸ਼ਨਾਈਏ।

ਇਸ ਧਰਤੀ ਨੂੰ ਕੁਦਰਤ ਨੇ ਹੈ ਬਖ਼ਸ਼ਿਆ ਖ਼ੂਬ ਨਜ਼ਾਰਾ।

ਹਿਮ-ਪਰਬਤ 'ਚੋਂ ਪਾਕ-ਪਵਿੱਤਰ ਵਗਦੀ ਹੈ ਜਲ ਧਾਰਾ।

ਇਸ ਉਪਜਾਊ ਮਿੱਟੀ ਵਿਚੋਂ ਅਪਣੇ ਭਾਗ ਜਗਾਈਏ----

ਏਥੇ ਰਿਸ਼ੀਆਂ-ਮੁਨੀਆਂ, ਪੀਰਾਂ ਰੱਬੀ ਰਮਜ਼ਾਂ ਪਾਈਆਂ।

ਇਹ ਰਮਜ਼ਾਂ ਵੇਦਾਂ-ਰਿਗਵੇਦਾਂ ਵਿਚ ਉਹਨਾਂ ਸਮਝਾਈਆਂ।

ਇਸ ਧਰਤੀ ਦਾ ਕੁੱਲ ਦੁਨੀਆ ਵਿਚ ਉੱਚਾ ਕਲਸ ਸਜਾਈਏ----

ਸੱਚੇ-ਸੁੱਚੇ  ਜੀਣ ਦਾ ਬਾਬੇ ਨਾਨਕ ਨੇਮ ਸਿਖਾਇਆ।

ਕਿਰਤ ਕਰਨ ਤੇ ਵੰਡ ਛਕਣ ਦਾ ਮੰਤਰ ਮੂਲ ਪੜ੍ਹਾਇਆ।

ਮੇਰ-ਤੇਰ ਦੇ ਭੇਦ ਮਿਟਾ ਕੇ ਪੰਗਤ ਵਿਚ ਬਹਿ ਜਾਈਏ-----

ਆਓ ਅਪਣੀ ਮਾਂ-ਧਰਤੀ ਤੋਂ ਮਮਤਾ ਦਾ ਵਰ ਮੰਗੀਏ।

ਬਾਰਿ ਪਰਾਏ ਬੈਠ ਨ ਐਵੇਂ ਜਿੰਦ ਸੂਲੀ 'ਤੇ ਟੰਗੀਏ।

ਇਸ ਪੰਜਾਬ ਦੀ ਰਲ ਮਿਲ ਆਪਾਂ ਨਵ-ਤਕਦੀਰ ਬਣਾਈਏ---- 

ਆਓ ਸੋਹਣੇ ਦੇਸ ਪੰਜਾਬ ਦੀ ਰਲਕੇ ਸ਼ਾਨ ਵਧਾਈਏ।

ਸੋਨ-ਸੁਨਹਿਰੀ ਇਸ ਧਰਤੀ  ਨੂੰ ਜੱਗ ਦੇ ਵਿਚ ਰੁਸ਼ਨਾਈਏ।

📝 ਸੋਧ ਲਈ ਭੇਜੋ